ਕੁਝ ਮਹੀਨੇ ਪਹਿਲਾਂ ਜਦ ਮੋਹਨ ਚੰਦਰ ਜੋਸ਼ੀ ਦੇ ਛੋਟੇ ਭਰਾ ਦੀ ਭਾਰਤੀ ਸੈਨਾ ਵਿੱਚ ਚੋਣ ਹੋਈ ਤਾਂ ਉਹਨਾਂ ਨੇ ਅਲਮੋਰਾ ਡਾਕਖ਼ਾਨੇ ਵਿੱਚ ਆਪਣੇ ਇੱਕ ਜਾਣਕਾਰ ਨੂੰ ਭਰਤੀ ਦੀ ਚਿੱਠੀ ਉੱਥੇ ਹੀ ਰੋਕ ਲੈਣ ਦੀ ਗੁਜ਼ਾਰਿਸ਼ ਕੀਤੀ। ਉਹਨਾਂ ਨੇ ਕਿਹਾ, “ਚਿੱਠੀ ਸਾਡੇ ਘਰ ਨਾ ਭੇਜਣਾ”। ਇਹ ਕਰ ਕੇ ਮੋਹਨ ਚੰਦਰ ਆਪਣੇ ਭਰਾ ਦੀ ਭਾਰਤੀ ਵਿੱਚ ਕੋਈ ਅੜਿੱਕਾ ਨਹੀਂ ਸੀ ਬਣ ਰਹੇ ਬਲਕਿ ਉਹਨਾਂ ਨੂੰ ਚਿੰਤਾ ਸੀ ਕਿ ਚਿੱਠੀ ਜਾਂ ਤਾਂ ਦੇਰੀ ਨਾਲ ਪਹੁੰਚੇਗੀ ਤੇ ਜਾਂ ਫਿਰ ਪਹੁੰਚੇਗੀ ਹੀ ਨਹੀਂ। ਉੱਤਰਾਖੰਡ ਦੇ ਪਿਥੌਰਗੜ ਦੇ ਪਿੰਡ ਭਨੋਲੀ ਗੁੰਥ ਵਿੱਚ ਇਹ ਆਮ ਗੱਲ ਹੈ। ਇੱਥੇ ਸਭ ਤੋਂ ਨੇੜਲਾ ਡਾਕਖ਼ਾਨਾ ਦੂਜੇ ਜਿਲੇ ਵਿੱਚ ਪੈਂਦਾ ਹੈ।
“ਬਹੁਤੇ ਲੋਕ ਨੌਕਰੀ ਤੋਂ ਸਿਰਫ਼ ਇਸ ਕਰ ਕੇ ਵਾਂਝੇ ਰਹਿ ਗਏ ਕਿਓਂਕਿ ਉਹਨਾਂ ਦੀ ਇੰਟਰਵਿਊ ਦੀ ਚਿੱਠੀ ਬਹੁਤ ਦੇਰ ਨਾਲ ਪਹੁੰਚੀ। ਅਕਸਰ ਹੀ ਡਾਕੀਆ ਇੰਟਰਵਿਊ ਦੀ ਤਰੀਕ ਨਿਕਲ ਜਾਣ ਦੇ ਕਈ ਦਿਨ ਬਾਦ ਡਾਕ ਲੈ ਕੇ ਪਹੁੰਚਦਾ ਹੈ। ਅਜਿਹੇ ਦੂਰ ਦਰਾਜ ਦੇ ਇਲਾਕੇ ਵਿੱਚ, ਜਿੱਥੇ ਪਹਿਲਾਂ ਹੀ ਲੋਕਾਂ ਕੋਲ ਰੋਜ਼ਗਾਰ ਨਹੀਂ ਉੱਥੇ ਨੌਕਰੀ ਦੀ ਚਿੱਠੀ ਇੱਧਰ ਉਧਰ ਹੋ ਜਾਣਾ ਕਿੰਨਾ ਨੁਕਸਾਨਦੇਹ ਹੈ, ਖਾਸ ਕਰ ਕੇ ਜਦੋਂ ਸਰਕਾਰੀ ਨੁਕਸਾਨ ਦੀ ਗੱਲ ਹੋਵੇ”। ਇਹ ਦੱਸਦਿਆਂ ਮੋਹਨ ਚੰਦਰ ਜੀ ਦੀਆਂ ਅੱਖਾਂ ਵਧੇਰੇ ਗੱਲ ਕਰ ਰਹੀਆਂ ਸਨ।
ਮੋਹਨ ਜੀ 70 ਕਿਲੋਮੀਟਰ ਦੂਰ ਅਲਮੋਰਾ ਦੇ ਡਾਕਖ਼ਾਨੇ ਵਿੱਚ ਚਿੱਠੀ ਲੈਣ ਆਪ ਗਏ। “ਅਸੀਂ ਸਮਝਦੇ ਹਾਂ ਡਾਕਖ਼ਾਨੇ ਵਿੱਚ ਆਪ ਜਾਂ ਕੇ ਚਿੱਠੀ ਲੈਣਾ ਸਹੀ ਨਹੀਂ ਕਿਓਂਕਿ ਘਰ ਘਰ ਚਿੱਠੀ ਪਹੁੰਚਾਉਣਾ ਡਾਕੀਏ ਦਾ ਕੰਮ ਹੈ। ਪਰ ਅਸੀਂ ਇਸ ਸੇਵਾ ਦਾ ਲਾਭ ਨਹੀਂ ਉਠਾ ਸਕਦੇ ਕਿਓਂਕਿ ਜੇ ਅਸੀਂ ਆਪ ਚਿੱਠੀ ਲੈਣ ਨਹੀਂ ਜਾਵਾਂਗੇ ਤਾਂ ਸਾਡੇ ਤੱਕ ਚਿੱਠੀ ਪਹੁੰਚਣ ਲਈ ਘੱਟੋ ਘੱਟ ਇੱਕ ਮਹੀਨਾ ਹੋਰ ਲਾਗ ਜਾਵੇਗਾ ਉਹ ਵੀ ਜੇ ਚਿੱਠੀ ਪਹੁੰਚੀ ਤਾਂ। ਜੇ ਏਨਾ ਇੰਤਜ਼ਾਰ ਕਰਾਂਗੇ ਤਾਂ ਮੇਰੇ ਭਰਾ ਦੀ ਸੈਨਾ ਵਿੱਚ ਭਰਤੀ ਹੋਣ ਦੀ ਤਰੀਕ ਨਿਕਲ ਜਾਵੇਗੀ,” ਉਹ ਦੱਸਦੇ ਹਨ।
ਮੋਹਨ ਚੰਦਰ ਤੇ ਹੋਰ ਕੁਝ ਲੋਕ ਸਾਡੇ ਨਾਲ ਉੱਤਰਾਖੰਡ ਦੇ ਪਿਥੌਰਗੜ ਜਿਲੇ ਦੇ ਪਿੰਡ ਭਨੋਲੀ ਗੁੰਥ (ਜਾਂ ਭਨੋਲੀ ਸੇਰਾ) ਵਿੱਚ ਇੱਕ ਚਾਹ ਦੀ ਦੁਕਾਨ ਤੇ ਬੈਠੇ ਗੱਲ ਕਰ ਰਹੇ ਸਨ। ਪੰਜ ਹੋਰ ਪਿੰਡ ਅਜਿਹੇ ਹਨ ਜਿੱਥੇ ਡਾਕ ਜਾਂ ਤਾਂ ਦੇਰੀ ਨਾਲ ਪਹੁੰਚਦੀ ਹੈ ਤੇ ਜਾਂ ਪਹੁੰਚਦੀ ਹੀ ਨਹੀਂ। ਇਹ ਪਿੰਡ ਹਨ ਉਰਫ ਬਡੋਲੀ, ਚੌਨਾ ਪਤਾਲ, ਨੈਲੀ ਅਤੇ ਮਿਲਦੇ ਜੁਲਦੇ ਨਾਮ ਵਾਲਾ ਬਡੋਲੀ ਸੇਰਾ ਗੁੰਥ।
ਇਹ ਪਿੰਡ ਅਲਮੋਰਾ ਤੇ ਪਿਥੌਰਗੜ ਜਿਲਿਆਂ ਦੀ ਸੀਮਾ ਤੇ ਸਥਿਤ ਹਨ। ਇਹ ਸੀਮਾ ਲੋਹੇ ਦਾ ਇੱਕ ਪੁਲ ਜੋ ਸੇਰਾਘਾਟ ਤੇ ਸਰਯੂ ਨਦੀ ਤੇ ਬਣਿਆ ਹੋਇਆ ਹੈ। ਇਹ ਛੇ ਪਿੰਡ ਪਿਥੌਰਗੜ ਦੇ ਗੰਗੋਲੀਹਾਟ ਬਲਾਕ ਵਿੱਚ ਪੈਂਦੇ ਹਨ ਪਰ ਇਹਨਾਂ ਦਾ ਡਾਕਘਰ ਪੁਲ ਤੋਂ ਪਰਲੇ ਪਾਰ ਹੈ ਜੋ ਕਿ 5 ਕਿਲੋਮੀਟਰ ਦੂਰ ਅਲਮੋਰਾ ਜਿਲੇ ਦੇ ਭਾਸਿਆਛਾਨਾ ਬਲਾਕ ਵਿੱਚ ਪੈਂਦਾ ਹੈ। ਇੱਥੋਂ ਡਾਕ ਪਹੁੰਚਣ ਵਿੱਚ 10 ਦਿਨ ਲੱਗਦੇ ਹਨ, ਪਰ ਇਹਨਾਂ ਦੇ ਆਪਣੇ ਜਿਲੇ ਦੇ ਦਫ਼ਤਰ ਤੋਂ ਡਾਕ ਆਓਣ ਵਿੱਚ ਇੱਕ ਮਹੀਨਾ ਲੱਗ ਜਾਂਦਾ ਹੈ। “ਕਮਾਲ ਦੀ ਗੱਲ ਹੈ,” ਮਦਨ ਸਿੰਘ ਚਾਹ ਦਾ ਕੱਪ ਫੜੀ ਆਖਦੇ ਹਨ। “ਉਹ ਸਾਨੂੰ ਪਿਥੌਰਗੜ ਜਿਲੇ ਦਾ ਹਿੱਸਾ ਮੰਨਦੇ ਹੀ ਨਹੀਂ। ਇੰਜ ਲੱਗਦਾ ਹੈ ਕਿ ਅਸੀਂ ਰਹਿੰਦੇ ਤਾਂ ਇੱਥੇ ਹਾਂ ਪਰ ਸਾਡਾ ਪਤਾ ਅਲਮੋਰਾ ਦਾ ਹੈ।”
ਅਲਮੋਰਾ ਵਿੱਚੋਂ ਕੱਢ ਕੇ ਪਿਥੌਰਗੜ ਨੂੰ ਜਿਲਾ ਬਣਾਏ ਜਾਣ ਦੇ 56 ਸਾਲ ਬਾਦ ਵੀ ਇਹਨਾਂ ਪਿੰਡਾਂ ਦੇ 2,003 ਵਸਨੀਕ ਹਾਲੇ ਵੀ ਆਪਣੇ ਆਪ ਨੂੰ ਅਲਮੋਰਾ ਤੋਂ ਵੱਖ ਨਹੀਂ ਦੇਖਦੇ ਜੋ ਕਦੀ ਉਹਨਾਂ ਦਾ ਘਰ ਸੀ। ਇਹ ਲੋਕ ਅਲਮੋਰਾ ਜਿਲੇ ਦੇ ਹੈਡਕੁਆਟਰ ਤੋਂ ਸਿਰਫ਼ 70 ਕਿਲੋਮੀਟਰ ਦੂਰ ਪਰ ਪਿਥੌਰਗੜ ਤੋਂ 130 ਕਿਲੋਮੀਟਰ ਦੂਰ ਹਨ। ਅਲਮੋਰਾ ਦਾ ਭਾਸਿਆਛਾਨਾ ਇਹਨਾਂ ਲਈ ਸਭ ਤੋਂ ਨੇੜਲਾ ਡਾਕਘਰ ਹੈ।
ਸਾਲ 2014 ਵਿੱਚ ਪਿੰਡ ਵਾਸੀਆਂ ਦੇ ਆਧਾਰ ਕਾਰਡ ਉੱਤੇ ਪਤਾ ਡਾਕਘਰ ਭਾਸਿਆਛਾਨਾ, ਜਿਲਾ ਪਿਥੌਰਗੜ ਲਿਖ ਕੇ ਆਇਆ। “ਸਾਡੀ ਸ਼ਿਕਾਇਤ ਤੇ ਇਹ ਗਲਤੀ ਦਰੁਸਤ ਤਾਂ ਕਰ ਦਿੱਤੀ ਅਤੇ ਕਾਰਡ 12 ਕਿਲੋਮੀਟਰ ਦੂਰ ਗਨਾਈ ਦੇ ਡਾਕਖ਼ਾਨੇ ਵਿੱਚ ਆਏ। ਪਰ ਗਨਾਈ ਤੋਂ ਸਾਡੇ ਪਿੰਡ ਵੱਲ ਕੋਈ ਡਾਕੀਆ ਨਹੀਂ ਆਓਂਦਾ। ਸਾਡੇ ਪਿੰਡ ਇੱਕ ਹੀ ਡਾਕੀਆ ਆਉਂਦਾ ਤੇ ਉਹ ਵੀ ਪੁਲ ਦੇ ਪਰਲੇ ਪਾਰ ਭਾਸਿਆਛਾਨਾ ਤੋਂ। ਸਾਨੂੰ ਆਪਣੇ ਕਾਰਡ ਲੈਣ ਲਈ ਗਨਾਈ ਆਪ ਹੀ ਜਾਣਾ ਪਿਆ”, ਸਰਟੋਲਾ ਪਿੰਡ ਦੇ ਵਸਨੀਕ ਚੰਦਨ ਸਿੰਘ ਨੁਬਲ ਦਾ ਕਹਿਣਾ ਹੈ।
ਬਡੋਲੀ ਸੇਰਾ ਗੁੰਥ ਵਿੱਚ ਸਥਿਤੀ ਇਸ ਤੋਂ ਵੀ ਵੱਧ ਖਰਾਬ ਹੈ। ਇਹ ਸਿਰਫ਼ 14 ਪਰਿਵਾਰਾਂ ਦਾ ਇੱਕ ਛੋਟਾ ਜਿਹਾ ਪਿੰਡ ਹੈ। ਇਸ ਦੇ ਵਸਨੀਕਾਂ ਵਿੱਚ ਜਿਆਦਾ ਗਿਣਤੀ ਔਰਤਾਂ ਅਤੇ ਬਜ਼ੁਰਗਾਂ ਦੀ ਹੈ। ਅਸੀਂ ਇਸ ਪਿੰਡ ਦੀਆਂ ਔਰਤਾਂ ਨਾਲ ਗੱਲ ਕੀਤੀ ਜਿਨ੍ਹਾਂ ਦੇ ਪਤੀ ਅਤੇ ਪੁੱਤਰ ਅਲਮੋਰਾ, ਹਲਦਵਾਨੀ, ਪਿਥੌਰਗੜ, ਲਖਨਊ। ਇੱਥੋਂ ਤੱਕ ਕਿ ਦੇਹਰਾਦੂਨ ਵਰਗੇ ਵੱਡੇ ਕਸਬਿਆਂ ਜਾਂ ਸ਼ਹਿਰਾਂ ਵਿੱਚ ਕੰਮ ਕਰਦੇ ਹਨ। ਉਹ ਸਾਲ ਵਿੱਚ ਇੱਕ ਅੱਧ ਵਾਰ ਗੇੜਾ ਮਾਰਦੇ ਹਨ ਪਰ ਪੈਸੇ ਹਰ ਮਹੀਨੇ ਭੇਜਦੇ ਹਨ। “ਸਾਡੇ ਤਾਂ ਮਨੀ ਆਡਰ ਵੀ ਦੇਰੀ ਨਾਲ ਪਹੁੰਚਦੇ ਹਨ। ਭਾਵੇਂ ਸਾਨੂੰ ਪੈਸੇ ਦੀ ਕਿੰਨੀ ਵੀ ਸਖ਼ਤ ਲੋੜ ਕਿਉਂ ਨਾ ਹੋਵੇ ਸਾਨੂੰ ਹਮੇਸ਼ਾ ਡਾਕੀਏ ਦਾ ਇੰਤਜ਼ਾਰ ਕਰਨਾ ਪੈਂਦਾ ਹੈ,” ਪੇਸ਼ੇ ਤੋਂ ਕਿਸਾਨ ਕਮਲਾ ਦੇਵੀ ਦਾ ਕਹਿਣਾ ਹੈ ਜੋ ਕਿ ਇੱਥੋਂ ਦੀ ਵਸਨੀਕ ਹੈ।
ਨਿਊਲੀਆ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਨੇ ਬਹੁਤ ਵਾਰ ਪਿਥੌਰਗੜ ਦੇ ਜਨਰਲ ਡਾਕਘਰ ਵਿੱਚ ਸੁਪਰਡੈਂਟ ਨੂੰ ਕਈ ਵਾਰ ਸ਼ਿਕਾਇਤ ਕੀਤੀ ਹੈ ਪਰ ਕਦੇ ਕੋਈ ਹੱਲ ਨੀ ਹੋਇਆ। “ਇੱਕ ਵਾਰ ਬੇਰੀਨਾਗ ਡਾਕਘਰ ਨੇ ਇੱਕ ਸਰਵੇ ਵੀ ਕਰਵਾਇਆ ਸੀ ਪਰ ਉਹਨਾਂ ਦੀ ਟੀਮ ਸਾਰਿਆਂ ਪਿੰਡਾਂ ਵਿੱਚ ਨਹੀਂ ਗਈ,”ਨਿਊਲੀਆ ਦਾ ਦੱਸਣਾ ਹੈ। “ਸਾਡੇ ਪਿੰਡ ਵਿੱਚ ਪੀਣ ਯੋਗ ਪਾਣੀ ਨਹੀਂ, ਰੋਜ਼ਗਾਰ ਨਹੀਂ ਤੇ ਡਾਕਘਰ ਦਾ ਵੀ ਖਸਤਾ ਹਾਲ ਹੈ। ਕੋਈ ਇਸ ਪਿੰਡ ਵਿੱਚ ਕਿਉਂ ਰਹਿਣਾ ਚਾਹੇਗਾ?” ਕੁਝ ਸਾਲ ਪਹਿਲਾਂ ਤੱਕ ਬਡੋਲੀ ਸੇਰਾ ਵਿੱਚ 22 ਪਰਿਵਾਰ ਰਹਿੰਦੇ ਸਨ। ਅੱਜ ਸਰਟੋਲਾ ਪਿੰਡ ਵਿੱਚ ਖਾਲੀ ਪਏ ਰਿਵਾਇਤੀ ਕਮਾਉਨੀ ਘਰ ਨਿੱਤ ਦੀਆਂ ਦੁਸ਼ਵਾਰੀਆਂ ਦੇ ਗਵਾਹ ਹਨ।
ਜਦ ਲੇਖਕ ਨੇ ਲੋਕਾਂ ਦੀ ਇਹ ਸਮੱਸਿਆ ਟਾਈਮਜ਼ ਔਫ ਇੰਡੀਆ ਅਖਬਾਰ (17 ਦਸੰਬਰ 2015) ਰਾਹੀਂ ਸਾਂਝੀ ਕੀਤੀ ਤਾਂ ਉੱਤਰਾਖੰਡ ਮਨੁੱਖੀ ਅਧਿਕਾਰ ਕਮਿਸ਼ਨ (ਯੂ ਐਚ ਆਰ ਸੀ) ਨੇ ਉਸੇ ਦਿਨ ਇਸ ਖ਼ਬਰ ਦੇ ਆਧਾਰ ਤੇ ਕਾਰਵਾਈ ਕੀਤੀ। ਉਹਨਾਂ ਨੇ ਅਲਮੋਰਾ ਤੇ ਪਿਥੌਰਗੜ ਦੇ ਜਿਲਾ ਪ੍ਰਸ਼ਾਸ਼ਨ ਨੂੰ ਦੇਹਰਾਦੂਨ ਦੇ ਪੋਸਟ ਮਾਸਟਰ ਜਨਰਲ ਨੂੰ ਪ੍ਰਸਤਾਵ ਭੇਜ ਕੇ ਜ਼ਮੀਨੀ ਰਿਪੋਰਟ ਜਮਾਂ ਕਰਵਾਉਣ ਦੀ ਤਾਕੀਦ ਕੀਤੀ ਤਾਂ ਜੋ ਮਸਲਾ ਸੁਲਝਾਇਆ ਜਾ ਸਕੇ। “ਪਿਥੌਰਗੜ ਜਿਲਾ ਬਣੇ ਨੂੰ 50 ਸਾਲ ਤੋਂ ਜਿਆਦਾ ਹੋ ਚੁੱਕੇ ਹਨ,” ਕਮਿਸ਼ਨ ਦਾ ਕਹਿਣਾ ਸੀ। ਉਹਨਾਂ ਨੇ ਕਿਹਾ ਕਿ ਪ੍ਰਸ਼ਾਸ਼ਨ ਨੂੰ ਇਸ ਸਮੱਸਿਆ ਦਾ ਨਿਪਟਾਰਾ ਬਹੁਤ ਪਹਿਲਾਂ ਕਰ ਦੇਣਾ ਚਾਹੀਦਾ ਸੀ। ਕਮਿਸ਼ਨ ਦੀ ਮੈਂਬਰ ਹੇਮਲਤਾ ਧੋਂਦਿਆਲ ਵੱਲੋਂ ਸਾਈਨ ਕੀਤੀ ਇਸ ਰਿਪੋਰਟ ਅਨੁਸਾਰ, “ਪਿਥੌਰਗੜ ਨਾ ਸਿਰਫ਼ ਇੱਕ ਰਾਜ ਦੇ ਬਾਰਡਰ ਦਾ ਜਿਲਾ ਹੀ ਨਹੀਂ ਹੈ ਬਲਕਿ ਦੇਸ਼ ਭਰ ਦੇ ਦੂਰ ਦਰਾਜ ਦੇ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਦਾ ਪ੍ਰਤੀਨਿਧ ਕਰਦਾ ਹੈ ਜੋ ਬਾਹਰਲੀ ਦੁਨੀਆਂ ਨਾਲ ਸਿਰਫ਼ ਡਾਕਘਰ ਦੇ ਜ਼ਰੀਏ ਹੀ ਜੁੜੇ ਹੋਏ ਹਨ। ਇਹਨਾਂ ਲੋਕਾਂ ਦੇ ਹੱਕਾਂ ਦੀ ਉਲੰਘਣਾ ਨਹੀਂ ਕੀਤੀ ਜਾਂ ਸਕਦੀ।”
ਸੱਤਰ ਸਾਲਾਂ ਤੋਂ ਉੱਪਰ ਦੀ ਉਮਰ ਦੀ ਪਾਰਵਤੀ ਦੇਵੀ ਮੁਸ਼ਕਿਲ ਨਾਲ ਹੀ ਤੁਰ ਫਿਰ ਪਾਓਂਦੇ ਹਨ ਪਰ ਫਿਰ ਵੀ ਉਹਨਾਂ ਨੂੰ ਆਪਣੀ 800 ਰੁਪਏ ਦੀ ਵਿਧਵਾ ਪੈਨਸ਼ਨ ਲੈਣ ਲਈ ਗਨਾਈ ਦੇ ਡਾਕਘਰ ਜਾਣਾ ਪੈਂਦਾ ਹੈ। ਉਸਨੂੰ ਪੈਸਿਆਂ ਦੀ ਸਖ਼ਤ ਲੋੜ ਹੁੰਦਿਆਂ ਵੀ ਖਰਾਬ ਸਿਹਤ ਕਾਰਨ ਉਹ ਹਰ ਮਹੀਨੇ ਪੈਨਸ਼ਨ ਲੈਣ ਨਹੀਂ ਜਾਂ ਸਕਦੀ। ਇਸ ਕਾਰਨ ਉਹ ਦੋ ਹੋਰ ਬਜ਼ੁਰਗ ਔਰਤਾਂ ਨਾਲ ਮਿਲ ਕੇ ਤਿੰਨ ਮਹੀਨਿਆਂ ਬਾਅਦ ਹੀ ਪੈਨਸ਼ਨ ਲੈਣ ਜਾਂਦੀ ਹੈ। “ਜੀਪ ਤੇ ਗਨਾਈ ਜਾਣ ਲਈ 30 ਰੁਪਏ ਲੱਗਦੇ ਹਨ। ਜੇ ਹਰ ਮਹੀਨੇ ਪੈਨਸ਼ਨ ਲੈਣ ਲਈ ਅਸੀਂ 60 ਰੁਪਏ ਖਰਚਾਂਗੇ ਤਾਂ ਸਾਡੇ ਕੋਲ ਬਚੇਗਾ ਕੀ?,” ਪਾਰਵਤੀ ਦੇਵੀ ਦਾ ਕਹਿਣਾ ਹੈ। ਇਸ ਉਮਰੇ ਉਹਨਾਂ ਨੂੰ ਚਿੱਠੀ ਤੇ ਮਨੀ ਆਡਰ ਲੇਟ ਮਿਲਣ ਦੀ ਆਦਤ ਹੋ ਚੁੱਕੀ ਹੈ ਜਿਸ ਕਾਰਨ ਹੁਣ ਉਹਨਾਂ ਨੂੰ ਡਾਕ ਵਿਭਾਗ ਨਾਲ ਕੋਈ ਗਿਲਾ ਨਹੀਂ ਰਿਹਾ। ਹਾਲਾਂਕਿ ਇਹ ਸਬਰ ਹਰ ਕਿਸੇ ਕੋਲ ਨਹੀਂ। “ਜਦ ਅੱਜ ਦੇ ਜਮਾਨੇ ਵਿੱਚ ਇੰਟਰਨੈਟ ਤੇ ਚਿੱਠੀ ਸਕਿੰਟਾਂ ਵਿੱਚ ਪਹੁੰਚ ਸਕਦੀ ਹੈ ਤਾਂ ਸਾਨੂੰ ਘਰ ਵਿੱਚ ਮਿਲਣ ਲਈ ਮਹੀਨਿਆਂ ਬੱਧੀ ਇੰਤਜ਼ਾਰ ਕਿਉਂ ਕਰਨਾ ਪੈਂਦਾ ਹੈ?” ਰਿਟਾਇਰਡ ਸਰਕਾਰੀ ਕਰਮਚਾਰੀ ਸੁਰੇਸ਼ ਚੰਦਰ ਨਿਊਲੀਆ ਦਾ ਕਹਿਣਾ ਹੈ।
“ਹਰ ਰੋਜ਼ ਇਹਨਾਂ ਪਿੰਡਾਂ ਵਿੱਚ ਜਾਣਾ ਮੁਮਕਿਨ ਨਹੀਂ,” ਭਾਸਿਆਛਾਨਾ ਦੇ ਮਿਹਰਬਾਨ ਸਿੰਘ ਦਾ ਕਹਿਣਾ ਹੈ ਜੋ ਕਿ ਇਹਨਾਂ ਪਿੰਡਾਂ ਦੇ ਡਾਕੀਏ ਹਨ। ਕੁਝ ਪਿੰਡਾਂ ਤੱਕ ਕੋਈ ਸੜਕ ਨਹੀਂ ਤੇ ਰੋਜ਼ਾਨਾ ਦਾ ਸਫ਼ਰ 10-12 ਕਿਲੋਮੀਟਰ ਦਾ ਹੈ। 46 ਸਾਲਾਂ ਦੇ ਸਿੰਘ 2002 ਤੋਂ ਡਾਕੀਏ ਦਾ ਕੰਮ ਕਰਦੇ ਹਨ। “ਮੈਂ ਹਰ ਪਿੰਡ ਵਿੱਚ ਹਫ਼ਤੇ ਵਿੱਚ ਇੱਕ ਵਾਰ ਗੇੜਾ ਮਾਰਦਾ ਹਾਂ,” ਉਹ ਦੱਸਦੇ ਹਨ।
ਸਿੰਘ ਆਪਣਾ ਕੰਮ ਹਰ ਰੋਜ਼ ਸਵੇਰੇ 7 ਵਜੇ ਤੋਂ ਆਪਣੇ ਘਰ ਤੋਂ ਸ਼ੁਰੂ ਕਰਦੇ ਹਨ। “ਦੁਪਹਿਰ ਤੱਕ ਚਿੱਠੀਆਂ ਵੰਡਣ ਤੋਂ ਬਾਅਦ ਮੈਂ ਡਾਕਘਰ ਪਹੁੰਚਦਾ ਹਾਂ। ਫੇਰ ਤਿੰਨ ਵਜੇ ਦੁਪਹਿਰ ਤੋਂ ਬਾਅਦ ਆਓਣ ਵਾਲੀ ਡਾਕ ਦਾ ਇੰਤਜ਼ਾਰ ਕਰਦਾ ਹਾਂ। ਨਵੀਂ ਡਾਕ ਲੈ ਕੇ ਮੈਂ ਫੇਰ ਆਪਣੇ ਘਰ ਚਲਾ ਜਾਂਦਾ ਹਾਂ”। ਉਹ ਡਾਕ ਆਪਣੇ ਨਾਲ ਘਰ ਲੈ ਜਾਂਦੇ ਹਨ ਕਿਉਂਕਿ ਉਹ ਸਵੇਰੇ ਜਦ 10 ਵਜੇ ਡਾਕਘਰ ਖੁੱਲਦਾ ਹੈ ਉਸ ਤੋਂ ਤਿੰਨ ਘੰਟੇ ਪਹਿਲਾਂ ਹੀ ਆਪਣਾ ਪੈਦਲ ਸਫ਼ਰ ਸ਼ੁਰੂ ਕਰ ਚੁੱਕੇ ਹੁੰਦੇ ਹਨ। ਕਾਫ਼ੀ ਸਮੇਂ ਤੱਕ ਭਾਸਿਆਛਾਨਾ ਦਫ਼ਤਰ ਵਿੱਚ ਉਹ ਇਕੱਲੇ ਡਾਕੀਏ ਸਨ। ਜਿਸ ਦਾ ਮਤਲਬ ਸੀ ਉਹ 16 ਪਿੰਡਾਂ ਵਿੱਚ ਇਕੱਲੇ ਡਾਕ ਵੰਡਦੇ ਸਨ। ਹਾਲ ਵਿੱਚ ਹੀ ਇੱਕ ਨਵੀਂ ਭਰਤੀ ਹੋਣ ਨਾਲ ਉਹਨਾਂ ਦੇ ਕੰਮ ਦਾ ਬੋਝ ਹਲਕਾ ਹੋਇਆ ਹੈ।
3 ਮਈ 2016 ਨੂੰ ਯੂ ਐਚ ਆਰ ਸੀ ਵੱਲੋਂ ਕੀਤੀ ਪਹਿਲੀ ਸੁਣਵਾਈ ਦੌਰਾਨ ਪਿਥੌਰਗੜ ਡਾਕਘਰ ਦੇ ਸੁਪਰਡੈਂਟ ਜੀ. ਸੀ. ਭੱਟ ਦਾ ਕਹਿਣਾ ਹੈ ਕਿ ਪਿੰਡ ਵਾਸੀ ਕਦੀ ਪਹਿਲਾਂ ਉਹਨਾਂ ਕੋਲ ਇਹ ਸਮੱਸਿਆ ਲੈ ਕੇ ਨਹੀਂ ਆਏ। “ਬਡੋਲੀ ਸੇਰਾ ਗੁੰਥ ਵਿੱਚ ਜਲਦ ਹੀ ਡਾਕਘਰ ਦ ਸ਼ਾਖਾ ਖੁੱਲੇਗੀ,” ਉਹਨਾਂ ਨੇ ਦੱਸਿਆ। ਕਮਿਸ਼ਨ ਨੇ ਦੇਹਰਾਦੂਨ ਦੇ ਪੋਸਟ ਮਾਸਟਰ ਜਨਰਲ ਨੂੰ ਜਲਦ ਤੋਂ ਜਲਦ ਇਸ ਸਮੱਸਿਆ ਦਾ ਨਿਪਟਾਰਾ ਕਰਨ ਦੇ ਆਦੇਸ਼ ਦਿੱਤੇ ਅਤੇ ਨਾ ਹੋਣ ਦੀ ਸਥਿਤੀ ਵਿੱਚ ਸਖ਼ਤ ਐਕਸ਼ਨ ਲਈ ਤਿਆਰ ਰਹਿਣ ਲਈ ਕਿਹਾ।
ਤਕਰੀਬਨ ਇੱਕ ਮਹੀਨੇ ਬਾਦ ਪਿਥੌਰਗੜ ਡਾਕਘਰ ਵਿੱਚ ਇੱਕ ਪ੍ਰਵਾਨਗੀ ਪੱਤਰ ਵੀ ਆਇਆ। ਜਿਸ ਅਨੁਸਾਰ ਬਡੋਲੀ ਸੇਰਾ ਗੁੰਥ ਵਿੱਚ 30 ਜੂਨ 2016 ਤੱਕ ਡਾਕਘਰ ਦੀ ਨਵੀਂ ਸ਼ਾਖਾ ਖੁੱਲ ਜਾਵੇਗੀ। ਨਾਲ ਹੀ ਇਸ ਲਈ ਇੱਕ ਪੋਸਟ ਮਾਸਟਰ ਅਤੇ ਡਾਕੀਏ ਦੇ ਅਹੁਦੇ ਲਈ ਪ੍ਰਵਾਨਗੀ ਵੀ ਦੇ ਦਿੱਤੀ ਗਈ।
ਮਿਹਰਬਾਨ ਸਿੰਘ ਖੁਸ਼ ਹਨ ਕਿ ਹੁਣ ਡਾਕ ਵਿੱਚ ਫਾਲਤੂ ਦੇ ਕੋਈ ਦੇਰੀ ਨਹੀਂ ਹੋਏਗੀ, “ ਭਾਸਿਆਛਾਨਾ ਦੇ ਦੋ ਡਾਕੀਏ ਵਿੱਚੋਂ ਇੱਕ ਇਹਨਾਂ ਛੇ ਪਿੰਡਾਂ ਵਿੱਚ ਡਾਕ ਪਹੁੰਚਾਏਗਾ ਜਦ ਤੱਕ ਨਵਾਂ ਬੰਦਾ ਨਹੀਂ ਆ ਜਾਂਦਾ”, ਉਹ ਮੋਢੇ ਤੇ ਚਿੱਠੀਆਂ ਵਾਲਾਂ ਝੋਲਾ ਟੰਗੇ ਮੁਸਕਰਾਉਂਦੇ ਹਨ।
ਮੋਹਨ ਚੰਦਰ, ਮਦਨ ਸਿੰਘ, ਨਿਊਲੀਆ ਤੇ ਕਮਲਾ ਦੇਵੀ ਖੁਸ਼ ਹਨ ਕਿ ਹੁਣ ਉਹਨਾਂ ਦੇ ਪਿੰਡਾਂ ਲਈ ਨਵਾਂ ਡਾਕਖ਼ਾਨਾ ਖੁੱਲੇਗਾ। ਪਰ ਉਹਨਾਂ ਨੂੰ ਇਹ ਫ਼ਿਕਰ ਵੀ ਹੈ ਕਿ ਕਿਤੇ ਇਹ ਐਲਾਨ ਦਾ ਹਸ਼ਰ ਦੂਜੀ ਸਰਕਾਰੀ ਸਕੀਮਾਂ ਵਰਗਾ ਨਾ ਹੋਵੇ ਜਿਹਨਾਂ ਦਾ ਐਲਾਨ ਤਾਂ ਹੋਇਆ ਪਰ ਅਮਲ ਕੋਈ ਨਹੀਂ।
ਪੰਜਾਬੀ ਤਰਜਮਾ: ਡਾ. ਨਵਨੀਤ ਕੌਰ ਧਾਲੀਵਾਲ