ਪੰਜ ਦਿਨ, 200 ਕਿਲੋਮੀਟਰ ਅਤੇ 27,000 ਰੁਪਏ-ਇਹ ਉਹ ਕੀਮਤ ਹੈ ਜੋ ਰਵੀ ਬੋਬਡੇ ਨੂੰ ਰੇਮਡੇਸਿਵਿਰ ਇੰਜੈਕਸ਼ਨ ਨੂੰ ਹਾਸਲ ਕਰਨ ਬਦਲੇ ਚੁਕਾਉਣੀ ਪਈ।
ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਇਸ ਸਾਲ ਅਪ੍ਰੈਲ ਦੇ ਅਖ਼ੀਰਲੇ ਹਫ਼ਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਕੋਵਿਡ-19 ਦੇ ਲੱਛਣ ਦਿੱਸਣ ਲੱਗੇ। 25 ਸਾਲਾ ਰਵੀ, ਬੀਡ ਦੇ ਹਰਕੀ ਨੀਮਗਾਓਂ ਪਿੰਡ ਵਿੱਚ ਪੈਂਦੇ ਆਪਣੇ ਸੱਤ ਏਕੜ ਦੇ ਖ਼ੇਤਾਂ ਵਿੱਚੋਂ ਦੀ ਲੰਘਦਿਆਂ ਚੇਤੇ ਕਰਦੇ ਹਨ,''ਦੋਵਾਂ ਨੂੰ ਬਹੁਤ ਜ਼ਿਆਦਾ ਖੰਘ ਆਉਣ ਲੱਗੀ ਅਤੇ ਸਾਹ ਲੈਣ ਵਿੱਚ ਤਕਲੀਫ਼ ਹੋਣ ਦੇ ਨਾਲ਼ ਛਾਤੀ ਵਿੱਚ ਪੀੜ੍ਹ ਹੋਣ ਲੱਗੀ। ਇਸਲਈ ਮੈਂ ਦੋਵਾਂ ਨੂੰ ਨੇੜਲੇ ਨਿੱਜੀ ਹਸਪਤਾਲ ਲੈ ਗਿਆ।''
ਡਾਕਟਰ ਨੇ ਕਾਗ਼ਜ਼ 'ਤੇ ਤੁਰੰਤ ਰੇਮਡੇਸਿਵਿਰ ਝਰੀਟ ਦਿੱਤਾ- ਜੋ ਇੱਕ ਐਂਟੀ-ਵਾਇਰਲ ਦਵਾਈ ਹੈ ਜਿਹਦਾ ਇਸਤੇਮਾਲ ਕੋਵਿਡ-19 ਦੇ ਇਲਾਜ ਵਿੱਚ ਕੀਤਾ ਜਾਂਦਾ ਰਿਹਾ- ਬੀਡ ਅੰਦਰ ਜਿਹਦੀ ਸਪਲਾਈ ਨਾ-ਮਾਤਰ ਸੀ। ਰਵੀ ਨੇ ਦੱਸਿਆ,''ਮੈਂ ਪੰਜ ਦਿਨਾਂ ਤੱਕ ਮਾਰਿਆ-ਮਾਰਿਆ ਫਿਰਦਾ ਰਿਹਾ। ਸਮਾਂ ਵੀ ਘੱਟ ਸੀ ਅਤੇ ਕੁਝ ਨਾ ਸੁੱਝਣ 'ਤੇ ਮੇਰੇ ਹੱਥ ਪੈਰ ਫੁੱਲਣ ਲੱਗੇ। ਇਸਲਈ, ਮੈਂ ਕਿਰਾਏ 'ਤੇ ਇੱਕ ਐਂਬੂਲੈਂਸ ਲਈ ਅਤੇ ਆਪਣਾ ਮਾਤਾ-ਪਿਤਾ ਨੂੰ ਸੋਲਾਪੁਰ ਦੇ ਇੱਕ ਹਸਪਤਾਲ ਵਿਖੇ ਤਬਦੀਲ ਕੀਤਾ।'' ਉਨ੍ਹਾਂ ਦਾ ਪੂਰਾ ਸਫ਼ਰ ਫ਼ਿਕਰਮੰਦੀ ਵਿੱਚ ਬੀਤਿਆ। ''ਮੈਂ ਐਂਬੂਲੈਂਸ ਵਿੱਚ ਬਿਤਾਏ ਉਹ ਚਾਰ ਘੰਟੇ ਤਾਉਮਰ ਨਹੀਂ ਭੁੱਲ ਸਕਾਂਗਾ।''
ਰਵੀ ਦੇ 55 ਸਾਲਾ ਪਿਤਾ, ਅਰਜੁਨ ਅਤੇ 48 ਸਾਲਾ ਮਾਤਾ, ਗੀਤਾ ਨੂੰ ਉਨ੍ਹਾਂ ਦੇ ਪਿੰਡ ਤੋਂ ਸੋਲਾਪੁਰ ਤੱਕ ਲਿਜਾਣ ਬਦਲੇ ਜੋ ਕਰੀਬ 200 ਕਿਲੋਮੀਟਰ ਦਾ ਸਫ਼ਰ ਹੈ, ਐਂਬੂਲੈਂਸ ਵਾਲ਼ੇ ਨੇ 27,000 ਰੁਪਏ ਉਗਰਾਹੇ। ਰਵੀ ਨੇ ਦੱਸਿਆ,''ਮੇਰਾ ਇੱਕ ਦੂਰ ਦਾ ਰਿਸ਼ਤੇਦਾਰ ਸੋਲਾਪੁਰ ਵਿਖੇ ਡਾਕਟਰ ਹੈ। ਉਹਨੇ ਮੈਨੂੰ ਕਿਹਾ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਇੰਜੈਕਸ਼ਨ ਦਾ ਬੰਦੋਬਸਤ ਕਰ ਦਵੇਗਾ। ਪੂਰੇ ਬੀਡ ਅੰਦਰ ਲੋਕ ਇਸ ਦਵਾਈ ਹਾਸਲ ਕਰਨ ਵਾਸਤੇ ਸੰਘਰਸ਼ ਕਰ ਰਹੇ ਸਨ।''
ਰੇਮਡੇਸਿਵਿਰ, ਜਿਹਨੂੰ ਮੂਲ਼ ਰੂਪ ਵਿੱਚ ਇਬੋਲਾ ਦੇ ਇਲਾਜ ਵਾਸਤੇ ਇਜਾਦ ਕੀਤਾ ਗਿਆ ਸੀ, ਮਹਾਂਮਾਰੀ ਤੋਂ ਪੀੜਤ ਲੋਕਾਂ ਦੇ ਸ਼ੁਰੂਆਤੀ ਇਲਾਜ ਵਿੱਚ ਪ੍ਰਭਾਵੀ ਪਾਇਆ ਗਿਆ। ਹਾਲਾਂਕਿ ਨਵੰਬਰ 2020 ਵਿੱਚ ਵਿਸ਼ਵ ਸਿਹਤ ਸੰਗਠਨ ਨੇ ਰੇਮਡੇਸਿਵਿਰ ਦੇ ਇਸਤੇਮਾਲ ਦੇ ਖ਼ਿਲਾਫ਼ '' ਸ਼ਰਤੀਆ ਸਿਫ਼ਾਰਸ਼ '' ਜਾਰੀ ਕੀਤੀ। ਡਬਲਿਊਐੱਚਓ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਦਵਾਈ ਹਸਪਤਾਲ ਵਿੱਚ ਭਰਤੀ ਕੋਵਿਡ-19 ਰੋਗੀਆਂ ਲਈ ਪ੍ਰਭਾਵਸ਼ਾਲੀ ਹੈ ਜਾਂ ਉਨ੍ਹਾਂ ਨੂੰ ਮਰਨੋਂ ਬਚਾਉਂਦੀ ਹੈ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮਹਾਰਾਸ਼ਟਰ ਖੰਡ ਦੇ ਸਾਬਕਾ ਪ੍ਰਧਾਨ ਡਾ. ਅਵਿਨਾਸ਼ ਭੋਂਡਵੇ ਕਹਿੰਦੇ ਹਨ ਕਿ ਹਾਲਾਂਕਿ, ਇਸ ਐਂਟੀਵਾਇਰਸ ਦਵਾਈ ਨੂੰ ਹੁਣ ਇਲਾਜ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ ਹੈ, ਪਰ ਇਹ ਵਰਜਿਤ ਨਹੀਂ ਹੈ। ਉਹ ਕਹਿੰਦੇ ਹਨ,''ਰੇਮਡੇਸਿਵਿਰ ਦੀ ਵਰਤੋਂ ਪਿਛਲੇ ਕਰੋਨਾਵਾਇਰਸ ਸੰਕਰਮਣ (SARS-CoV-1) ਨਾਲ਼ ਨਜਿੱਠਣ ਲਈ ਕੀਤਾ ਗਿਆ ਸੀ ਅਤੇ ਇਹਦੇ ਨਤੀਜੇ ਪ੍ਰਭਾਵੀ ਰਹੇ ਸਨ; ਇਹੀ ਕਾਰਨ ਹੈ ਕਿ ਅਸੀਂ ਭਾਰਤ ਇਹਦੀ ਵਰਤੋਂ ਕਰੋਨਾਵਾਇਰਸ (SARS-CoV-2 ਜਾਂ Covid-19) ਦੀ ਪਹਿਲੀ ਲਹਿਰ ਦੌਰਾਨ ਸ਼ੁਰੂ ਕੀਤੀ।''
ਦਵਾਈ ਦੇ ਇੱਕ ਕੋਰਸ ਵਿੱਚ ਪੰਜ ਦਿਨਾਂ ਦੇ ਵਕਫ਼ੇ ਵਿੱਚ ਛੇ ਇੰਜੈਕਸ਼ਨ ਲਾਏ ਜਾਂਦੇ ਹਨ। ''ਜੇ ਸੰਕਰਮਣ (ਕੋਵਿਡ-19) ਦੇ ਸ਼ੁਰੂਆਤੀ ਦਿਨੀਂ ਇਹਨੂੰ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਰੇਮਡੇਸਿਵਿਰ ਸਰੀਰ ਅੰਦਰ ਵਾਇਰਸ ਨੂੰ ਵਿਕਸਤ ਹੋਣੋਂ ਰੋਕਦਾ ਹੈ ਅਤੇ ਅਸਰਦਾਰ ਸਾਬਤ ਹੋ ਸਕਦਾ ਹੈ,'' ਡਾ. ਭੋਂਡਵੇ ਕਹਿੰਦੇ ਹਨ।
ਹਾਲਾਂਕਿ, ਜਦੋਂ ਸੰਕਰਮਣ ਫ਼ੈਲਣਾ ਸ਼ੁਰੂ ਹੋਇਆ ਤਾਂ ਲਾਲ ਫੀਤਾਸ਼ਾਹੀ ਅਤੇ ਦਵਾਈ ਦੀ ਕਿੱਲਤ ਦੇ ਕਾਰਨ ਬੀਡ ਅੰਦਰ ਰੋਗੀਆਂ ਨੂੰ ਬਾਮੁਸ਼ਕਲ ਹੀ ਸਮੇਂ-ਸਿਰ ਰੇਮਡੇਸਿਵਿਰ ਮਿਲ਼ ਪਾਇਆ। ਜ਼ਿਲ੍ਹੇ ਨੂੰ ਇਹਦੀ ਸਪਲਾਈ ਰਾਜ ਸਰਕਾਰ ਅਤੇ ਪ੍ਰਿਯਾ ਏਜੰਸੀ ਨਾਮਕ ਇੱਕ ਨਿੱਜੀ ਫ਼ਰਮ ਪਾਸੋਂ ਹਾਸਲ ਹੁੰਦੀ ਹੈ। ਜ਼ਿਲ੍ਹਾ ਸਿਹਤ ਅਧਿਕਾਰੀ ਰਾਧਾਕ੍ਰਿਸ਼ਨ ਪਵਾਰ ਕਹਿੰਦੇ ਹਨ,''ਜਦੋਂ ਕੋਈ ਡਾਕਟਰ ਰੇਮਡੇਸਿਵਿਰ ਸਿਫ਼ਾਰਸ਼ ਕਰਦਾ ਹੈ ਤਾਂ ਮਰੀਜ਼ ਦੇ ਰਿਸ਼ਤੇਦਾਰਾਂ ਨੂੰ ਇੱਕ ਫ਼ਾਰਮ ਭਰਨਾ ਪੈਂਦਾ ਹੈ ਅਤੇ ਉਹਨੂੰ ਜ਼ਿਲ੍ਹਾ ਪ੍ਰਸ਼ਾਸਨ ਕੋਲ਼ ਜਮ੍ਹਾ ਕਰਾਉਣਾ ਪੈਂਦਾ ਹੈ। ਸਪਲਾਈ ਦੇ ਅਧਾਰ 'ਤੇ ਪ੍ਰਸ਼ਾਸਨ ਇੱਕ ਸੂਚੀ ਬਣਾਉਂਦਾ ਹੈ ਅਤੇ ਸਬੰਧਤ ਰੋਗੀਆਂ ਨੂੰ ਰੇਮਡੇਸਿਵਿਰ ਪ੍ਰਦਾਨ ਕਰਦਾ ਹੈ। ਅਪ੍ਰੈਲ ਅਤੇ ਮਈ ਦੇ ਮਹੀਨਿਆਂ ਦੌਰਾਨ ਇਸੇ ਇਹਦੀ ਕਿੱਲਤ ਬਣੀ ਰਹੀ।
ਬੀਡ ਦੇ ਜ਼ਿਲ੍ਹਾ ਮੈਜਿਸਟ੍ਰੇਟ ਰਵਿੰਦਰ ਜਗਤਾਪ ਦੁਆਰਾ ਉਪਲਬਧ ਕਰਾਏ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਰੇਮਡੇਸਿਵਿਰ ਦੀ ਮੰਗ ਅਤੇ ਸਪਲਾਈ ਵਿੱਚ ਕਾਫ਼ੀ ਅੰਤਰ ਸੀ। ਇਸ ਸਾਲ 23 ਅਪ੍ਰੈਲ ਤੋਂ 12 ਮਈ ਵਿਚਕਾਰ- ਜਦੋਂ ਦੇਸ਼ ਵਿੱਚ ਦੂਸਰੀ ਲਹਿਰ (ਕੋਵਿਡ) ਸਿਖਰ 'ਤੇ ਸੀ ਤਾਂ ਜਿਲ੍ਹੇ ਵਿੱਚ 38,000 ਰੇਮਡੇਸਿਵਿਰ ਇੰਜੈਕਸ਼ਨਾਂ ਦੀ ਲੋੜ ਸੀ। ਹਾਲਾਂਕਿ, ਸਿਰਫ਼ 5,720 ਹੀ ਉਪਲਬਧ ਕਰਾਏ ਗਏ, ਜੋ ਕਿ ਲੋੜ ਦਾ ਮਹਿਜ 15 ਫ਼ੀਸਦ ਹਿੱਸਾ ਸੀ।
ਇਸ ਕਿੱਲਤ ਨੇ ਬੀਡ ਅੰਦਰ ਵੱਡੇ ਪੱਧਰ 'ਤੇ ਰੇਮਡੇਸਿਵਿਰ ਦੀ ਕਾਲ਼ਾਬਜ਼ਾਰੀ ਦੀ ਹਾਲਤ ਪੈਦਾ ਕਰ ਦਿੱਤੀ। ਇੰਜੈਕਸ਼ਨ ਦੀ ਕੀਮਤ, ਰਾਜ ਸਰਕਾਰ ਦੁਆਰਾ 1,400 ਰੁਪਏ ਪ੍ਰਤੀ ਸ਼ੀਸ਼ੀ ਤੈਅ ਕੀਤੀ ਗਈ ਸੀ, ਉੱਥੇ ਬਲੈਕ ਮਾਰਕਿਟ ਵਿੱਚ ਉਹਦੀ ਕੀਮਤ 50,000 ਰੁਪਏ ਤੱਕ ਚਲਾ ਗਿਆ ਸੀ, ਯਾਨਿ 35 ਗੁਣਾ ਜ਼ਿਆਦਾ।
ਬੀਡ ਤਾਲੁਕਾ ਦੇ ਪੰਢਰਿਯਾਚਿਵਾੜੀ ਪਿੰਡ ਵਿੱਚ ਚਾਰ ਏਕੜ ਖ਼ੇਤ ਦਾ ਮਾਲਿਕਾਨਾ ਹੱਕ ਰੱਖਣ ਵਾਲ਼ੀ ਕਿਸਾਨ, ਸੁਨੀਤਾ ਮਗਰ ਨੂੰ ਉਸ ਤੋਂ ਥੋੜ੍ਹਾ ਘੱਟ ਭੁਗਤਾਨ ਕਰਨਾ ਪਿਆ। ਜਦੋਂ ਉਨ੍ਹਾਂ ਦੇ 40 ਸਾਲਾ ਪਤੀ ਭਰਤ ਅਪ੍ਰੈਲ ਦੇ ਤੀਸਰੇ ਹਫ਼ਤੇ ਵਿੱਚ ਕੋਵਿਡ-19 ਤੋਂ ਸੰਕ੍ਰਮਤ ਹੋਏ, ਤਾਂ ਸੁਨੀਤਾ ਨੇ ਇੱਕ ਸ਼ੀਸ਼ੀ ਲਈ 25,000 ਰੁਪਏ ਦਾ ਭੁਗਤਾਨ ਕੀਤਾ। ਪਰ ਉਨ੍ਹਾਂ ਨੂੰ ਛੇ ਸ਼ੀਸ਼ੀਆਂ ਦੀ ਲੋੜ ਸੀ ਅਤੇ ਕਨੂੰਨੀ ਤੌਰ 'ਤੇ ਉਹ ਸਿਰਫ਼ ਇੱਕ ਹੀ ਖ਼ਰੀਦ ਪਾ ਰਹੀ ਸਨ। ਉਹ ਦੱਸਦੀ ਹਨ,''ਮੈਂ ਸਿਰਫ਼ ਇੰਜੈਕਸ਼ਨ 'ਤੇ 1.25 ਲੱਖ ਰੁਪਏ ਖ਼ਰਚ ਕੀਤੇ।''
ਜਦੋਂ 37 ਸਾਲਾ ਸੁਨੀਤਾ ਨੇ ਪ੍ਰਸ਼ਾਸਨ ਨੂੰ ਦਵਾਈ ਦੀ ਲੋੜ ਬਾਰੇ ਲਿਖਿਆ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਜਦੋਂ ਉਪਲਬਧ ਹੋਵੇਗਾ, ਤਾਂ ਉਨ੍ਹਾਂ ਸੂਚਿਤ ਕੀਤਾ ਜਾਵੇਗਾ। ਉਹ ਕਹਿੰਦੀ ਹਨ,''ਅਸੀਂ 3-4 ਦਿਨਾਂ ਤੱਕ ਉਡੀਕ ਕੀਤਾ, ਪਰ ਉਦੋਂ ਤੱਕ ਕੋਈ ਸਟਾਕ ਨਹੀਂ ਆਇਆ ਸੀ। ਅਸੀਂ ਲੰਬਾ ਸਮਾਂ ਉਡੀਕ ਨਹੀਂ ਕਰ ਸਕਦੇ ਸਾਂ। ਮਰੀਜ਼ ਨੂੰ ਸਮੇਂ ਸਿਰ ਇਲਾਜ ਦੀ ਲੋੜ ਹੁੰਦੀ ਹੈ। ਇਸਲਈ, ਅਸੀਂ ਉਹੀ ਕੀਤਾ ਜੋ ਸਾਨੂੰ ਕਰਨਾ ਚਾਹੀਦਾ ਸੀ।''
ਰੇਮਡੇਸਿਵਿਰ ਦੀ ਤਲਾਸ਼ ਵਿੱਚ ਸਮਾਂ ਬਰਬਾਦ ਕਰਨ ਅਤੇ ਫਿਰ ਬਲੈਕ ਵਿੱਚ ਖਰੀਦਣ ਦੇ ਬਾਵਜੂਦ, ਭਰਤ ਦੀ ਦੋ ਹਫ਼ਤਿਆਂ ਬਾਅਦ ਹਸਪਤਾਲ ਵਿੱਚ ਹੀ ਮੌਤ ਹੋ ਗਈ। ਸੁਨੀਤਾ ਕਹਿੰਦੀ ਹਨ,''ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਪੈਸੇ ਉਧਾਰ ਲਏ। ਉਨ੍ਹਾਂ ਵਿੱਚੋਂ ਕਰੀਬ 10 ਲੋਕਾਂ ਨੇ 10,000-10,0000 ਰੁਪਏ ਦੀ ਮਦਦ ਕੀਤੀ ਸੀ। ਮੈਂ ਪੈਸੇ ਵੀ ਗਵਾਏ ਅਤੇ ਆਪਣੇ ਪਤੀ ਨੂੰ ਵੀ ਗੁਆਇਆ। ਸਾਡੇ ਜਿਹੇ ਲੋਕਾਂ ਨੂੰ ਦਵਾਈ ਤੱਕ ਨਸੀਬ ਨਾ ਹੋਈ। ਤੁਸੀਂ ਆਪਣੇ ਪਿਆਰਿਆਂ ਨੂੰ ਉਦੋਂ ਹੀ ਬਚਾ ਸਕਦੇ ਹੋ ਜਦੋਂ ਤੁਸੀਂ ਅਮੀਰ ਹੋਵੇ ਅਤੇ ਤੁਹਾਡਾ ਸਿੱਕਾ ਚੱਲਦਾ ਹੋਵੇ।''
ਬੀਡ ਅੰਦਰ ਰੇਮਡੇਸਿਵਿਰ ਦੇ ਚੱਕਰਾਂ ਵਿੱਚ ਸੁਨੀਤਾ ਜਿਹੇ ਕਈ ਪਰਿਵਾਰ ਉੱਜੜ ਗਏ। ਸੁਨੀਤਾ ਦੱਸਦੀ ਹਨ ਕਿ ਕਰਜ਼ ਚੁੱਕਣ ਲਈ ਉਨ੍ਹਾਂ ਨੂੰ ਦੂਸਰਿਆਂ ਦੇ ਖੇਤਾਂ ਵਿੱਚ ਵੀ ਕੰਮ ਕਰਨਾ ਹੋਵੇਗਾ; ਉਹ ਅੱਗੋਂ ਕਹਿੰਦੀ ਹਨ,''ਮੇਰੇ ਬੇਟੇ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਦੇ ਨਾਲ਼ ਨਾਲ਼, ਸਾਡੇ ਖੇਤ ਵਿੱਚ ਮੇਰੀ ਮਦਦ ਕਰਨੀ ਹੋਵੇਗੀ। ਇੰਝ ਜਾਪਦਾ ਹੈ ਕਿ ਕੁਝ ਦਿਨਾਂ ਵਿੱਚ ਸਾਡਾ ਜੀਵਨ ਖੇਰੂੰ-ਖੇਰੂੰ ਹੋ ਗਿਆ ਹੈ। ਮੈਨੂੰ ਨਹੀਂ ਪਤਾ ਕਿ ਮੈਂ ਹੁਣ ਕੀ ਕਰਾਂ। ਇੱਥੇ ਕੰਮ ਦੇ ਜ਼ਿਆਦਾ ਮੌਕੇ ਵੀ ਤਾਂ ਨਹੀਂ।''
ਬੇਰੁਜ਼ਗਾਰੀ ਅਤੇ ਗ਼ਰੀਬੀ ਦੇ ਕਾਰਨ, ਬੀਡ ਦੇ ਕਿਸਾਨ ਅਤੇ ਖੇਤ ਮਜ਼ਦੂਰ ਕੰਮ ਦੀ ਭਾਲ਼ ਵਿੱਚ ਵੱਡੀ ਗਿਣਤੀ ਵਿੱਚ ਸ਼ਹਿਰਾਂ ਵੱਲ ਪਲਾਇਨ ਕਰ ਰਹੇ ਹਨ। ਇਸ ਜ਼ਿਲ੍ਹੇ ਵਿੱਚ ਹੁਣ ਤੱਕ 94,000 ਤੋਂ ਵੱਧ ਕੋਵਿਡ ਮਾਮਲੇ ਆਏ ਹਨ ਅਤੇ 2,500 ਮੌਤਾਂ ਦਰਜ਼ ਕੀਤੀਆਂ ਗਈਆਂ ਹਨ। ਇਹ ਜ਼ਿਲ੍ਹਾ ਉਸ ਮਰਾਠਵਾੜਾ ਇਲਾਕੇ ਅਧੀਨ ਆਉਂਦਾ ਹੈ ਜਿੱਥੇ ਮਹਾਰਾਸ਼ਟਰ ਦੇ ਸਭ ਤੋਂ ਵੱਧ ਕਿਸਾਨ ਆਤਮਹੱਤਿਆਵਾਂ ਕਰਦੇ ਹਨ। ਪਹਿਲਾਂ ਤੋਂ ਹੀ ਜਲਵਾਯੂ ਪਰਿਵਰਤਨ, ਪਾਣੀ ਦੀ ਕਿੱਲਤ ਅਤੇ ਖੇਤੀ ਸੰਕਟ ਦੇ ਕਾਰਨ ਕਰਜ਼ੇ ਦੀ ਮਾਰ ਹੇਠ ਦੱਬੀ ਜਾਂਦੇ ਲੋਕ (ਇਸ ਜ਼ਿਲ੍ਹੇ ਦੇ) ਨਜ਼ਾਇਜ ਤਰੀਕੇ ਨਾਲ਼ ਰੇਮਡੇਸਿਵਿਰ ਖਰੀਦਣ ਲਈ ਹੋਰ ਜ਼ਿਆਦਾ ਪੈਸੇ ਉਧਾਰ ਚੁੱਕਣ ਲਈ ਮਜ਼ਬੂਰ ਹਨ, ਜਿਸ ਕਾਰਨ ਉਹ ਕਰਜ਼ੇ ਦੀ ਦਲਦਲ ਵਿੱਚ ਹੋਰ ਡੂੰਘੇ ਧੱਸ ਗਏ ਹਨ।
ਡਾ. ਭੋਂਡਵੇ ਕਹਿੰਦੇ ਹਨ, ਰੇਮਡੇਸਿਵਿਰ ਦਾ ਨਜਾਇਜ਼ ਵਪਾਰ, ਰਾਜ ਸਰਕਾਰ ਵੱਲੋਂ ਦੂਰਦਰਸ਼ੀ ਨਾ ਹੋਣ ਦੀ ਘਾਟ ਦਾ ਨਤੀਜਾ ਹੈ। ''ਅਸੀਂ ਦੂਸਰੀ ਲਹਿਰ ਦੌਰਾਨ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧਾ ਦੇਖ ਪਾ ਰਹੇ ਸਾਂ। ਅਪ੍ਰੈਲ ਵਿੱਚ (ਰਾਜ ਅੰਦਰ) ਹਰ ਰੋਜ਼ ਲਗਭਗ 60,000 ਮਾਮਲੇ ਸਾਹਮਣੇ ਆ ਰਹੇ ਸਨ।''
ਡਾ. ਭੋਂਡਵੇ ਕਹਿੰਦੇ ਹਨ ਕਿ ਔਸਤਨ 10 ਫ਼ੀਸਦ ਕੋਵਿਡ ਪੌਜੀਟਿਵ ਮਰੀਜਾਂ ਨੂੰ ਹਸਪਤਾਲ ਵਿੱਚ ਭਰਤੀ ਹੋਣ ਦੀ ਲੋੜ ਹੁੰਦੀ ਹੈ। ''ਉਨ੍ਹਾਂ ਵਿੱਚੋਂ 5-7 ਫੀਸਦ ਨੂੰ ਰੇਮਡੇਸਿਵਿਰ ਦੀ ਲੋੜ ਪਈ ਹੋਵੇਗੀ।'' ਅਧਿਕਾਰੀਆਂ ਨੂੰ ਲੋੜ ਦਾ ਅੰਦਾਜਾ ਲਾਉਣਾ ਚਾਹੀਦਾ ਸੀ ਅਤੇ ਦਵਾਈ ਦਾ ਸਟਾਕ ਰੱਖਣਾ ਚਾਹੀਦਾ ਸੀ। ਕਾਲ਼ਾਬਜ਼ਾਰੀ ਉਦੋਂ ਹੁੰਦੀ ਹੈ ਜਦੋਂ ਕਿੱਲਤ ਹੁੰਦੀ ਹੈ। ਤੁਸੀਂ ਕਦੇ ਨਹੀਂ ਦੇਖੋਗੇ ਕਿ ਕ੍ਰੋਸੀਨ ਦੀ ਕਾਲ਼ਾਬਜ਼ਾਰੀ ਹੁੰਦੀ ਹੋਵੇ।''
ਸੁਨੀਤਾ ਨੇ ਇਸ ਬਾਰੇ ਕੁਝ ਨਹੀਂ ਦੱਸਿਆ ਕਿ ਉਨ੍ਹਾਂ ਨੂੰ ਰੇਮਡੇਸਿਵਿਰ ਦੀਆਂ ਸ਼ੀਸ਼ੀਆਂ ਕਿਹਨੇ ਦਿੱਤੀਆਂ। ਉਹ ਕਹਿੰਦੀ ਹਨ: ''ਉਹਨੇ ਲੋੜ ਦੇ ਸਮੇਂ ਮੇਰੀ ਮਦਦ ਕੀਤੀ। ਮੈਂ ਉਹਦੇ ਨਾਲ਼ ਵਿਸਾਹਘਾਤ ਨਹੀਂ ਕਰੂੰਗੀ।''
ਜਲਗਾਓਂ ਦੇ ਇੱਕ ਨਿੱਜੀ ਹਸਪਤਾਲ ਦੇ ਇੱਕ ਡਾਕਟਰ ਨਾਮ ਨਾ ਦੱਸੇ ਜਾਣ ਦੀ ਸ਼ਰਤ 'ਤੇ ਉਸ ਸਵਾਲ ਵੱਲ ਇਸ਼ਾਰਾ ਕਰਦੇ ਹਨ ਕਿ ਉਹ ਦਵਾਈ ਬਲੈਕ ਮਾਰਕਿਟ ਵਿੱਚ ਕਿਵੇਂ ਪਹੁੰਚੀ ਹੋਵੇਗੀ: ''ਪ੍ਰਸ਼ਾਸਨ ਦੇ ਕੋਲ਼ ਉਨ੍ਹਾਂ ਰੋਗੀਆਂ ਦੀ ਸੂਚੀ ਹੁੰਦੀ ਹੈ ਜਿਨ੍ਹਾਂ ਨੂੰ ਇੰਜੈਕਸ਼ਨ ਵਾਸਤੇ ਕਿਹਾ ਗਿਆ ਹੁੰਦਾ ਹੈ। ਕਈ ਮਾਮਲਿਆਂ ਵਿੱਚ ਦਵਾਈ ਆਉਣ ਵਿੱਚ ਇੱਕ ਹਫ਼ਤੇ ਤੋਂ ਵੱਧ ਦਾ ਸਮਾਂ ਲੱਗ ਜਾਂਦਾ ਹੈ। ਉਸ ਵਕਫ਼ੇ ਦੌਰਾਨ, ਰੋਗੀ ਜਾਂ ਤਾਂ ਠੀਕ ਹੋ ਜਾਂਦਾ ਹੈ ਜਾਂ ਮਰ ਜਾਂਦਾ ਹੈ। ਇਸ ਤੋਂ ਬਾਅਦ ਪਰਿਵਾਰਕ ਲੋਕ ਇੰਜੈਕਸ਼ਨ ਬਾਰੇ ਪੁੱਛਣ ਹੀ ਨਹੀਂ ਜਾਂਦੇ। ਫਿਰ ਇੰਜੈਕਸ਼ਨ ਦਾ ਜੋ ਮਰਜ਼ੀ ਹੋਵੇ?''
ਹਾਲਾਂਕਿ, ਜ਼ਿਲ੍ਹਾ-ਅਧਿਕਾਰੀ ਜਗਤਾਪ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੀਡ ਵਿੱਚ ਇਸ ਦਵਾਈ ਦੀ ਵੱਡੇ ਪੱਧਰ 'ਤੇ ਹੋਈ ਕਾਲ਼ਾਬਜ਼ਾਰੀ ਦੀ ਜਾਣਕਾਰੀ ਨਹੀਂ ਹੈ।
ਬੀਡ ਸ਼ਹਿਰ ਦੇ ਦੈਨਿਕ ਕਾਰਯਾਰੰਭ ਅਖ਼ਬਾਰ ਦੇ ਪੱਤਰਕਾਰ ਬਾਲਾਜੀ ਮਰਗੁੜੇ ਦਾ ਕਹਿਣਾ ਹੈ ਕਿ ਨਜਾਇਜ਼ ਰੂਪ ਨਾਲ਼ ਰੇਮਡੇਸਿਵਿਰ ਹਾਸਲ ਕਰਨ ਵਾਲ਼ਿਆਂ ਵਿੱਚ ਜ਼ਿਆਦਾਤਰ ਲੋਕ ਰਾਜਨੀਤਕ ਅਸਰ ਦੇ ਜ਼ਰੀਏ ਇਹਨੂੰ ਹਾਸਲ ਕਰਦੇ ਰਹੇ। ਉਹ ਦੱਸਦੇ ਹਨ,''ਪਾਰਟੀ ਲਾਈਨ ਦੇ ਸਥਾਨਕ ਨੇਤਾ ਜਾਂ ਨਾਲ਼ ਜੁੜੇ ਲੋਕ ਇਹਨੂੰ ਹਾਸਲ ਕਰ ਲੈਂਦੇ ਹਨ। ਮੈਂ ਜਿਨ੍ਹਾਂ ਲੋਕਾਂ ਦੀ ਗੱਲ ਕੀਤੀ ਹੈ ਉਨ੍ਹਾਂ ਵਿੱਚ ਲਗਭਗ ਸਾਰਿਆਂ ਨੇ ਇਹੀ ਗੱਲ ਕਹੀ ਹੈ ਪਰ ਉਹ ਇਸ ਤੋਂ ਵੱਧ ਜਾਣਕਾਰੀ ਨਹੀਂ ਦੇਣਗੇ, ਕਿਉਂਕਿ ਉਹ ਡਰੇ ਹੋਏ ਹਨ। ਲੋਕਾਂ ਨੇ ਇੰਨਾ ਪੈਸਾ ਉਧਾਰ ਲਿਆ ਹੈ ਕਿ ਉਹਨੂੰ ਚਕਾ ਹੀ ਨਹੀਂ ਸਕਦੇ। ਉਨ੍ਹਾਂ ਨੇ ਆਪਣੀ ਜ਼ਮੀਨ ਅਤੇ ਗਹਿਣੇ ਤੱਕ ਵੇਚ ਦਿੱਤੇ ਹਨ। ਰੇਮਡੇਸਿਵਿਰ ਦੀ ਭਾਲ਼ ਵਿੱਚ ਉਡੀਕ ਕਾਰਨ ਕਈ ਮਰੀਜ਼ਾਂ ਦੀ ਮੌਤ ਹੋਈ ਹੈ।''
ਭੋਂਡਵੇ ਦੱਸਦੇ ਹਨ, ਮਰੀਜ਼ ਦੇ ਲਹੂ ਵਿੱਚ ਆਕਸੀਜਨ ਦਾ ਲੈਵਲ ਡਿੱਗਣ ਤੋਂ ਪਹਿਲਾਂ ਰੇਮਡੇਸਿਵਿਰ, ਕਰੋਨਾਵਾਇਰਸ ਸੰਕ੍ਰਮਣ ਦੇ ਸ਼ੁਰੂਆਤੀ ਕੁਝ ਪੜਾਵਾਂ ਵਿੱਚ ਪ੍ਰਭਾਵੀ ਰਹਿੰਦਾ ਹੈ। ''ਇਹ ਭਾਰਤ ਵਿੱਚ ਸਾਹਮਣੇ ਆਏ ਕਈ ਮਾਮਲਿਆਂ ਵਿੱਚ ਕੰਮ ਨਹੀਂ ਕਰਦਾ ਹੈ, ਕਿਉਂਕਿ ਜ਼ਿਆਦਾਤਰ ਮਰੀਜ਼ ਗੰਭੀਰ ਹੋਣ ਦੀ ਸੂਰਤ ਵਿੱਚ ਹੀ ਹਸਪਤਾਲ ਆਉਂਦੇ ਹਨ।''
ਰਵੀ ਬੋਬਡੇ ਦੇ ਮਾਤਾ-ਪਿਤਾ ਦੇ ਨਾਲ਼ ਵੀ ਸ਼ਾਇਦ ਕੁਝ ਅਜਿਹਾ ਹੀ ਹੋਇਆ ਸੀ।
ਰੇਮਡੇਸਿਵਿਰ ਦੀ ਕਿੱਲਤ ਦੇ ਚੱਲਦਿਆਂ ਬੀਡ ਅੰਦਰ ਵੱਡੇ ਪੱਧਰ 'ਤੇ ਕਾਲ਼ਾਬਜ਼ਾਰੀ ਸ਼ੁਰੂ ਹੋਈ। ਰਾਜ ਸਰਕਾਰ ਦੁਆਰਾ ਇੰਜੈਕਸ਼ਨ ਦੀ ਤੈਅ ਕੀਮਤ 1,400 ਰੁਪਏ ਪ੍ਰਤੀ ਸ਼ੀਸ਼ੀ ਤੋਂ ਵੱਧ ਕੇ, ਬਲੈਕ ਮਾਰਕਿਟ ਵਿੱਚ 50,000 ਤੱਕ ਪਹੁੰਚ ਗਈ''
ਐਂਬੂਲੈਂਸ ਦੁਆਰਾ ਸੋਲਾਪੁਰ ਦੇ ਹਸਪਤਾਲ ਲੈ ਜਾਣ ਤੋਂ ਬਾਅਦ, ਇੱਕ ਹਫ਼ਤੇ ਦੇ ਅੰਦਰ ਹੀ ਅਰਜੁਨ ਅਤੇ ਗੀਤਾ ਬੋਬਡੇ ਦੀ ਮੌਤ ਹੋ ਗਈ। ਰਵੀ ਕਹਿੰਦੇ ਹਨ,''ਚਾਰ ਘੰਟੇ ਦੀ ਇਸ ਯਾਤਰਾ ਨੇ ਉਨ੍ਹਾਂ ਦੀ ਹਾਲਤ ਹੋਰ ਮੰਦੀ ਕਰ ਦਿੱਤੀ ਸੀ। ਸੜਕਾਂ ਮਾੜੀਆਂ ਹਨ, ਸੋ ਹਝੋਕਿਆਂ ਦਾ ਅਸਰ ਵੀ ਉਨ੍ਹਾਂ ਦੀ ਸਿਹਤ 'ਤੇ ਪਿਆ ਹੋਵੇਗਾ। ਪਰ, ਮੇਰੇ ਕੋਲ਼ ਕੋਈ ਦੂਸਰਾ ਰਾਹ ਨਹੀਂ ਸੀ। ਮੈਂ ਬੀਡ ਵਿੱਚ ਰੇਮਡੇਸਿਵਿਰ ਹਾਸਲ ਕਰਨ ਦੀ ਲਈ ਪੰਜ ਦਿਨਾਂ ਤੱਕ ਉਡੀਕ ਕੀਤੀ ਸੀ।''
ਮਾਤਾ-ਪਿਤਾ ਦੇ ਇੰਤਕਾਲ ਤੋਂ ਬਾਅਦ, ਰਵੀ ਹੁਣ ਹਰਕੀ ਨਿਮਗਾਓਂ ਸਥਿਤ ਆਪਣੇ ਘਰ ਵਿੱਚ ਇਕੱਲੇ ਰਹਿ ਗਏ ਹਨ। ਉਨ੍ਹਾਂ ਵੱਡੇ ਭਰਾ ਜਲਿੰਦਰ, ਕਰੀਬ 120 ਕਿਲੋਮੀਟਰ ਦੂਰ ਜਾਲਨਾ ਵਿੱਚ ਰਹਿੰਦੇ ਹਨ ਅਤੇ ਕੰਮ ਵੀ ਉੱਥੇ ਹੀ ਕਰਦੇ ਹਨ। ਰਵੀ ਕਹਿੰਦੇ ਹਨ,''ਮੈਨੂੰ ਅਜੀਬ ਲੱਗ ਰਿਹਾ ਹੈ। ਮੇਰਾ ਵੱਡਾ ਭਰਾ ਆਵੇਗਾ ਅਤੇ ਕੁਝ ਦਿਨ ਮੇਰੇ ਨਾਲ਼ ਰੁਕੇਗਾ, ਪਰ ਉਹ ਨੌਕਰੀ ਕਰਦਾ ਹੈ। ਉਹਨੂੰ ਵਾਪਸ ਵੀ ਜਾਣਾ ਹੀ ਪਵੇਗਾ ਸੋ ਮੈਨੂੰ ਇਕੱਲੇ ਰਹਿਣ ਦੀ ਆਦਤ ਪਾਉਣੀ ਹੋਵੇਗੀ।''
ਰਵੀ ਖੇਤ ਵਿੱਚ ਆਪਣੇ ਪਿਤਾ ਦੀ ਮਦਦ ਕਰਿਆ ਕਰਦੇ, ਜਿੱਥੇ ਉਹ ਨਰਮਾ, ਸੋਇਆਬੀਨ ਅਤੇ ਤੂਰ (ਅਰਹਰ) ਦੀ ਦਾਲ਼ ਦੀ ਕਾਸ਼ਤ ਕਰਦੇ ਸਨ। ਘਰ ਵਿੱਚ ਆਪਣੇ ਬਿਸਤਰੇ 'ਤੇ ਇਕੱਠੇ ਜਿਹੇ ਹੋ ਕੇ ਬੈਠੇ ਰਵੀ ਕਹਿੰਦੇ ਹਨ,''ਜ਼ਿਆਦਾਤਰ ਕੰਮ ਉਹੀ ਕਰਦੇ ਸਨ, ਮੈਂ ਸਿਰਫ਼ ਉਨ੍ਹਾਂ ਦੀ ਮਦਦ ਕਰਦਾ ਸਾਂ।'' ਉਨ੍ਹਾਂ ਅੱਖਾਂ ਵਿੱਚੋਂ ਝਾਕ ਰਹੀ ਬੇਚੈਨੀ ਕਿਸੇ ਅਜਿਹੇ ਵਿਅਕਤੀ ਦੀ ਝਲਕ ਦਿੰਦੀ ਹੈ ਜਿਸ ਦੇ ਮੋਢੇ 'ਤੇ ਸਾਰੇ ਦੀ ਸਾਰੀ ਜ਼ਿੰਮੇਦਾਰੀ ਪੈ ਗਈ ਹੋਵੇ। ''ਮੇਰੇ ਪਿਤਾ ਕੰਮ ਵਿੱਚ ਮੇਰੀ ਅਗਵਾਈ ਕਰਦੇ ਸਨ। ਮੈਂ ਸਿਰਫ਼ ਉਨ੍ਹਾਂ ਦੇ ਨਕਸ਼ੇ ਕਦਮ ਹੀ ਚੱਲਦਾ।''
ਖੇਤ ਵਿੱਚ ਅਰਜੁਨ ਉਨ੍ਹਾਂ ਕੰਮਾਂ 'ਤੇ ਧਿਆਨ ਦਿੰਦੇ ਸਨ, ਜਿਨ੍ਹਾਂ ਵਿੱਚ ਵੱਧ ਹੁਨਰ ਦੀ ਲੋੜ ਹੁੰਦੀ ਸੀ, ਜਿਵੇਂ ਬਿਜਾਈ ਕਰਨੀ, ਦੂਜੇ ਹੱਥ ਰਵੀ ਉਹ ਕੰਮ ਕਰਦੇ ਜਿਨ੍ਹਾਂ ਵਿੱਚ ਮਿਹਨਤ ਵੱਧ ਲੱਗਦੀ। ਪਰ ਇਸ ਸਾਲ ਬਿਜਾਈ ਦੇ ਸੀਜ਼ਨ (ਜੋ ਅੱਧ ਜੂਨ ਸ਼ੁਰੂ ਹੋਇਆ ਸੀ) ਦੌਰਾਨ ਰਵੀ ਨੂੰ ਆਪਣੇ ਪਿਤਾ ਦੇ ਹਿੱਸਾ ਦਾ ਕੰਮ ਵੀ ਆਪੇ ਹੀ ਕਰਨਾ ਪਿਆ। ਇਹ ਉਨ੍ਹਾਂ ਲਈ ਇਸ ਸੀਜ਼ਨ ਦੀ ਭਿਆਨਕ ਸ਼ੁਰੂਆਤ ਵਾਂਗ ਸੀ- ਉਨ੍ਹਾਂ ਕੋਲ਼ ਕੋਈ ਅਗਵਾਈ ਕਰਨ ਵਾਲ਼ਾ ਨਹੀਂ ਜਿਹਦੇ ਨਕਸ਼ੇ ਕਦਮ ਉਹ ਤੁਰ ਸਕਣ।
ਪਿੱਛਲਝਾਤ ਮਾਰਿਆਂ, ਪੰਜ ਦਿਨਾਂ, 200 ਕਿਲੋਮੀਟਰਾਂ ਅਤੇ 27,000 ਰੁਪਿਆਂ ਦਾ ਕੁੱਲ ਜੋੜ ਕਰਕੇ ਵੀ ਉਸ ਨੁਕਸਾਨ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਜੋ ਰਵੀ ਨੂੰ ਰੇਮਡੇਸਿਵਿਰ ਦੀ ਭਾਲ਼ ਵਿੱਚ ਮਾਰੇ ਮਾਰੇ ਫਿਰ ਕੀ ਝੱਲਣਾ ਪਿਆ।
ਤਰਜਮਾ: ਕਮਲਜੀਤ ਕੌਰ