''ਕਈ ਵਾਰੀ ਕੰਡੋਮਾਂ ਦਾ ਪੈਕਟ ਲੈਣ ਵਾਸਤੇ ਕੋਈ ਔਰਤ ਰਾਤੀਂ ਮੈਨੂੰ ਫ਼ੋਨ ਕਰਦੀ ਹੈ ਜਾਂ ਆਪਣੇ ਕਿਸੇ ਪੁਰਸ਼ ਰਿਸ਼ਤੇਦਾਰ ਨੂੰ ਮੇਰੇ ਘਰ ਭੇਜ ਦਿੰਦੀ ਹੈ,'' ਕਲਾਵਤੀ ਸੋਨੀ ਕਹਿੰਦੀ ਹਨ। ਉਨ੍ਹਾਂ ਨੂੰ ਕਿਸੇ ਵੇਲ਼ੇ ਵੀ ਫ਼ੋਨ ਕਰੋ ਜਾਂ ਉਨ੍ਹਾਂ ਦੇ ਘਰ ਚਲੇ ਜਾਓ, ਉਹ ਗੁੱਸਾ ਨਹੀਂ ਕਰਦੀ, ਇਸ 54 ਸਾਲਾ ਔਰਤ ਨੂੰ ਟੀਕਰੀ ਪਿੰਡ ਦੀਆਂ ਔਰਤਾਂ 'ਡਿਪੂ ਦੀਦੀ' ਕਹਿੰਦੀਆਂ ਹਨ, ਜੋ ਉਨ੍ਹਾਂ ਨੂੰ ਲੋੜੀਂਦੀ ਸਮੱਗਰੀ ਸਪਲਾਈ ਕਰਦੀ ਹਨ। ਉੱਤਰ ਪ੍ਰਦੇਸ਼ ਦੇ ਅਮੇਠੀ ਜ਼ਿਲ੍ਹੇ ਦੇ ਪਿੰਡ ਵਿਖੇ ਆਪਣੇ ਛੋਟੇ ਜਿਹੇ ਘਰ ਦੇ ਬਾਹਰ ਬਰਾਂਡੇ ਵਿਚਾਲੇ ਡੱਠੇ ਮੰਜੇ 'ਤੇ ਬੈਠਿਆਂ ਮਜ਼ਾਕੀਆ ਲਹਿਜੇ ਵਿੱਚ ਹੱਸਦਿਆਂ ਉਹ ਕਹਿੰਦੀ ਹਨ,'' ਮੇਰਾ ਝੋਲ਼ਾ ਰਾਤੀਂ ਵੀ ਕੰਮ ਕਰਦਾ ਹੈ।'' ਬੇਮੌਕੇ ਲੋਕਾਂ ਦੀਆਂ ਮੰਗਾਂ ਪੂਰੀਆਂ ਕਰਨ ਵਾਲ਼ੀ ਕਲਾਵਤੀ ਕਹਿੰਦੀ ਹਨ, ''ਇਤਨੀ ਕੋਈ ਬੜੀ ਬਾਤ ਨਹੀਂ ਹੈ।''

ਪਿੰਡ ਵਿੱਚ ਕੰਮ ਕਰਦੀ ਇੱਕ ਗ਼ੈਰ-ਸਰਕਾਰੀ ਸੰਸਥਾ ਕੋਲ਼ੋਂ ਜਦੋਂ ਅਸੀਂ 'ਡਿਪੂ ਦੀਦੀ' ਬਾਰੇ ਸੁਣਿਆ ਤਾਂ ਅਸੀਂ ਉਤਸ਼ਾਹ ਨਾਲ਼ ਲਬਰੇਜ਼ ਹੋ ਉੱਠੇ ਅਤੇ ਉਨ੍ਹਾਂ ਨੂੰ ਮਿਲ਼ਣ ਉਨ੍ਹਾਂ ਦੇ ਘਰ ਗਏ। ''ਓਏ, ਲਿਆ ਮੇਰਾ ਝੋਲ਼ਾ ਤਾਂ ਫੜ੍ਹਾ,'' ਕਲਾਵਤੀ ਆਪਣੇ ਪੋਤੇ ਨੂੰ ਅਵਾਜ਼ ਮਾਰ ਕਹਿੰਦੀ ਹਨ। ਪਲਾਂ-ਛਿਣਾਂ ਵਿੱਚ ਉਨ੍ਹਾਂ ਦਾ ਛੋਟਾ ਜਿਹਾ ਸਾਥੀ ਦੋ ਮੰਜ਼ਲਾਂ ਪੱਕੇ ਘਰ ਅੰਦਰ ਗਿਆ ਅਤੇ ਪਲਾਸਿਟਕ ਦਾ ਝੋਲ਼ਾ ਚੁੱਕੀ ਛੂਟਾਂ ਵੱਟੀ ਵਾਪਸ ਮੁੜ ਆਇਆ। ਜਿਓਂ ਹੀ ਉਨ੍ਹਾਂ ਝੋਲ਼ੇ ਨੂੰ ਉਲਟਾਇਆ ਤਾਂ ਉਸ ਵਿੱਚੋਂ ਕੰਡੋਮ, ਸੈਨੇਟਰੀ ਨੈਪਕਿਨ, ਗਰਭ ਨਿਰੋਧਕ ਗੋਲ਼ੀਆਂ, ਓਰਲ ਰਿਹਾਈਡ੍ਰੇਸ਼ਨ ਪੈਕਟਾਂ ਦੀ ਢੇਰੀ ਲੱਗ ਜਾਂਦੀ ਹੈ। ਫਿਰ ਉਹ ਉਨ੍ਹਾਂ ਨੂੰ ਬੜੇ ਕਰੀਨੇ ਨਾਲ਼ ਮੰਜੇ 'ਤੇ ਟਿਕਾ ਦਿੰਦੀ ਹਨ।

'' ਇਤਨੀ ਕੋਈ ਬੜੀ ਬਾਤ ਨਹੀਂ ਹੈ, '' ਆਪਣੀ ਗੱਲ ਨੂੰ ਦਹੁਰਾਉਂਦਿਆਂ ਕਹਿੰਦੀ ਹਨ। ''ਪਹਿਲਾਂ- ਪਹਿਲ ਮੈਂ ਐਵੇਂ ਹੀ ਪਰਿਵਾਰਾਂ ਦੇ ਛੋਟੇ-ਮੋਟੇ ਮਸਲਿਆਂ ਬਾਰੇ ਗੱਲ ਕਰਿਆ ਕਰਦੀ। ਅਸੀਂ ਉਨ੍ਹਾਂ ਦੇ ਘਰਾਂ ਦੇ ਹਾਲਾਤਾਂ ਬਾਬਤ ਗੱਲ ਕਰਦੇ, ਸੱਸ ਬਾਬਤ ਅਤੇ ਥੋੜ੍ਹੀ-ਬਹੁਤ ਨਿਆਣਿਆਂ ਪ੍ਰਤੀ ਸ਼ਿਕਵਿਆਂ ਰਾਹੀਂ ਦਿਲ ਹੌਲ਼ੇ ਕਰਨ ਦੀ ਕੋਸ਼ਿਸ਼ ਕਰਦੇ। ਮੈਂ ਬੜੇ ਠਰ੍ਹਮੇ ਨਾਲ਼ ਸਭ ਸੁਣਿਆ ਕਰਦੀ। ਤੁਸੀਂ ਦੇਖ ਹੀ ਲਿਆ ਮੈਂ ਕਿੰਨੀ ਗਾਲੜੀ ਹਾਂ, ਇੰਝ ਹੀ ਫਿਰ ਹੌਲ਼ੀ-ਹੌਲ਼ੀ ਇਨ੍ਹਾਂ ਚਰਚਾਵਾਂ ਜ਼ਰੀਏ ਮੈਨੂੰ ਇਹ ਅਹਿਸਾਸ ਹੋਣ ਲੱਗਿਆ ਕਿ ਸਾਰੀਆਂ ਹੀ ਔਰਤਾਂ ਇੱਕੋ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੀਆਂ ਹਨ। ਕਿਉਂ ਨਾ ਇਨ੍ਹਾਂ ਦੀ ਮਦਦ ਹੀ ਕੀਤੀ ਜਾਵੇ? ਬੱਸ ਇੰਝ ਹੀ ਸ਼ੁਰੂਆਤ ਹੋਣ ਲੱਗੀ,'' ਉਹ ਕਹਿੰਦੀ ਹਨ, ਗੱਲਬਾਤ ਰਾਹੀਂ ਉਨ੍ਹਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਟੀਕਰੀ ਵਿਖੇ ਉਨ੍ਹਾਂ ਨੂੰ 'ਡਿਪੂ ਦੀਦੀ' ਕਿਹਾ ਜਾਣ ਲੱਗਿਆ।

ਉਨ੍ਹਾਂ ਦਾ ਇਹ ਨਾਮ 'ਡਿਪੂ ਹੋਲਡਰ' ਸ਼ਬਦ ਤੋਂ ਹੀ ਨਿਕਲ਼ਦਾ ਹੈ, ਸਿਹਤ ਮਹਿਕਮੇ ਦਾ ਅਜਿਹਾ ਸ਼ਬਦ ਜੋ ਔਰਤਾਂ ਦੇ ਇੱਕ ਅਜਿਹੇ ਸਮੁਦਾਏ ਨੂੰ ਦਰਸਾਉਂਦਾ ਹੈ ਜੋ ਔਰਤਾਂ ਦੀ ਸਿਹਤ ਸਬੰਧੀ ਲੋੜੀਂਦੀ ਸਮੱਗਰੀ ਅਤੇ ਉਨ੍ਹਾਂ ਦੀ ਚੰਗੀ ਸਿਹਤ ਨੂੰ ਬਣਾਈ ਰੱਖਣ ਦਾ ਕੰਮ ਕਰਦਾ ਹੈ। ਪਰ ਕਲਾਵਤੀ ਨਾ ਹੀ ਆਂਗਨਵਾੜੀ ਵਰਕਰ ਹਨ ਅਤੇ ਨਾ ਹੀ ਆਸ਼ਾ (ਮਾਨਤਾ ਪ੍ਰਾਪਤ ਸਮਾਜਿਕ ਕਾਰਕੁੰਨ) ਵਰਕਰ, ਜੋ ਰਸਮੀ ਤੌਰ 'ਤੇ ਪਿੰਡਾਂ ਵਿਖੇ ਡਿਪੂ ਹੋਲਡਰਾਂ ਵਾਂਗਰ ਕੰਮ ਕਰਦੀਆਂ ਹਨ। ਉਹ ਝੋਲ਼ਾ-ਛਾਪ ਡਾਕਟਰ ਵੀ ਨਹੀਂ ਹਨ। ਹਾਂ ਪਰ ਉਨ੍ਹਾਂ ਕੋਲ਼ ਉਹ ਹਰ ਚੀਜ਼ ਹੈ ਜੋ ਇੱਕ ਔਰਤ ਦੀ ਪ੍ਰਜਨਨ ਸਿਹਤ ਸਬੰਧੀ ਬੁਨਿਆਦੀ ਲੋੜਾਂ ਨੂੰ ਪੂਰਿਆਂ ਕਰਦੀ ਹੈ। ਇੰਨਾ ਹੀ ਨਹੀਂ ਉਹ (ਕਲਾਵਤੀ) ਔਰਤਾਂ ਨਾਲ਼ ਜਿਸਮਾਨੀ ਸਬੰਧਾਂ (ਸੈਕਸ) ਅਤੇ ਪ੍ਰਜਣਨ ਸਬੰਧੀ ਗੱਲਬਾਤ ਵੀ ਕਰਦੀ ਹਨ।

Kalavati Soni, wearing the floral printed sari, with ASHA worker Vinita Soni to her right
PHOTO • Anubha Bhonsle
Some of the typical items that an ASHA carries to distribute – condoms, contraceptive pills, ORS sachets, iron supplements – are also found in Kalavati's bag
PHOTO • Anubha Bhonsle

ਖੱਬੇ : ਕਲਾਵਤੀ ਸੋਨੀ, ਫੁੱਲਾਂ ਵਾਲ਼ੀ ਸਾੜੀ ਵਿੱਚ ਮਲਬੂਸ, ਉਨ੍ਹਾਂ ਦੇ ਸੱਜੇ ਹੱਥ ਆਸ਼ਾ ਵਰਕਰ ਵੀਨਿਤਾ ਸੋਨੀ ਵੀ ਦਿਖਾਈ ਦੇ ਰਹੀ ਹਨ। ਸੱਜੇ : ਕਿਸੇ ਵੀ ਆਸ਼ਾ ਵਰਕਰ ਵਾਂਗਰ ਕਲਾਵਤੀ ਦੇ ਝੋਲ਼ੇ ਵਿੱਚ ਵੀ ਕੰਡੋਮ, ਗਰਭਨਿਰੋਧਕ ਗੋਲ਼ੀਆਂ, ਓਆਰਐੱਸ ਪੈਕਟ, ਆਇਰਨ ਦੀਆਂ ਗੋਲ਼ੀਆਂ ਰੱਖੀਆਂ ਹੁੰਦੀਆਂ ਹਨ

''ਆਪਣੇ 15 ਸਾਲਾਂ ਦੇ ਤਜ਼ਰਬੇ ਦੌਰਾਨ ਮੈਂ ਆਸ਼ਾ ਵਰਕਰਾਂ ਨੂੰ ਸਖ਼ਤ ਮਿਹਨਤ ਕਰਦੇ ਅਤੇ ਥੱਕ ਕੇ ਚੂਰ ਹੁੰਦੇ ਦੇਖਿਆ। ਮੈਨੂੰ ਚੇਤੇ ਹੈ ਕਿ ਕਿਵੇਂ ਇੱਕ ਆਸ਼ਾ ਵਰਕਰ ਚਾਹੁੰਦੇ ਹੋਏ ਵੀ ਇੱਕ ਗਰਭਵਤੀ ਔਰਤ ਨੂੰ ਆਇਰਨ ਦੀ ਗੋਲ਼ੀਆਂ ਦੇਣ ਲਈ ਨਾ ਮਿਲ਼ ਸਕੀ, ਮੈਂ ਉਹਨੂੰ ਕਿਹਾ ਕਿ ਉਹ ਗੋਲ਼ੀਆਂ ਮੈਨੂੰ ਫੜ੍ਹਾ ਦੇਵੇ। ਬਦਲੇ ਵਿੱਚ ਮੈਂ ਕਿਹਾ ਕਿ ਮੈਂ ਇਹ ਯਕੀਨੀ ਬਣਾਵਾਂਗੀ ਕਿ ਉਸ ਔਰਤ ਨੂੰ ਦਵਾਈ ਲੈਣ ਦੇ ਤਰੀਕਿਆਂ ਬਾਰੇ ਸਮਝਾ ਦਿਆਂ। ਬੱਸ ਇੰਝ ਹੀ ਹੁੰਦੇ-ਹੁੰਦੇ ਸ਼ੁਰੂਆਤ ਹੋ ਗਈ,'' ਕਲਾਵਤੀ ਕਹਿੰਦੀ ਹਨ, ਹਾਂ ਉਨ੍ਹਾਂ ਨੂੰ ਉਹ ਤਰੀਕ ਨਹੀਂ ਚੇਤੇ ਜਦੋਂ ਉਨ੍ਹਾਂ ਨੇ ਸਰਗਰਮੀ ਨਾਲ਼ ਪਿੰਡ ਦੀਆਂ ਔਰਤਾਂ ਦੀ ਮਦਦ ਕਰਨੀ ਸ਼ੁਰੂ ਕੀਤੀ ਸੀ।

ਜੁਆਨ ਔਰਤਾਂ ਅਤੇ ਪਰਿਵਾਰ ਦੀਆਂ ਬਜ਼ੁਰਗ ਔਰਤਾਂ ਨਾਲ਼ ਬਹਿ ਕੇ ਗੱਲਾਂ ਕਰਕੇ ਉਨ੍ਹਾਂ ਅੰਦਰ ਸਦਭਾਵਨਾ ਪੈਦਾ ਕਰਕੇ, ਕਲਾਵਤੀ ਨੇ ਔਰਤਾਂ ਦੇ ਜੀਵਨ ਵਿੱਚ ਮਹੱਤਵਪੂਰਨ ਅਤੇ ਡੂੰਘੀ ਥਾਂ ਬਣਾ ਲਈ ਹੈ। ਮੇਰੇ ਦਿਮਾਗ਼ ਵਿੱਚ ਜਿਵੇਂ ਸਵਾਲਾਂ ਦੀ ਝੜੀ ਹੀ ਲੱਗ ਜਾਂਦੀ ਹੈ: ਔਰਤਾਂ ਆਪਣੇ ਪਤੀ ਅਤੇ ਪਰਿਵਾਰਕ ਮੈਂਬਰਾਂ ਦੇ ਨਾਲ਼ ਆਪਣੀ ਇੱਛਾਂ ਅਤੇ ਸੰਤੁਸ਼ਟੀ, ਗਰਭਅਵਸਥਾ ਅਤੇ ਗਰਭਨਿਰੋਧਕਾਂ ਬਾਰੇ ਕਿਵੇਂ ਗੱਲ ਕਰਦੀਆਂ ਹੋਣਗੀਆਂ? ਕੀ ਉਹ ਗੱਲ ਕਰਨ ਲੱਗਿਆਂ ਸ਼ਰਮਾਉਂਦੀਆਂ ਅਤੇ ਝਿਜਕਦੀਆਂ ਹਨ ਜਾਂ ਖੁੱਲ੍ਹ ਕੇ ਅੱਗੇ ਆਉਂਦੀਆਂ ਹਨ? ਇਹੋ ਜਿਹੀ ਗੁਫ਼ਤਗੂ ਕਿੱਥੇ ਹੁੰਦੀ ਹੈ? ਕਲਾਵਤੀ ਨੇ ਗੱਲਾਂ-ਬਾਤਾਂ ਰਾਹੀਂ ਹੀ ਉਹ ਖੱਪਾ ਕਿਵੇਂ ਪੂਰਿਆ ਹੋਵੇਗਾ ਕਿ ਔਰਤਾਂ ਖੁੱਲ੍ਹ ਕੇ ਆਪਣੇ ਸਰੀਰ ਬਾਰੇ ਜਾਣਨ, ਆਪਣੀ ਸੰਤੁਸ਼ਟੀ ਬਾਰੇ ਬੇਝਿਜਕ ਹੋ ਕੇ ਗੱਲ ਕਰਨ?

''ਦਸ ਸਾਲ ਪਹਿਲਾਂ ਇੰਝ ਨਹੀਂ ਸੀ ਉਦੋਂ ਇਨ੍ਹਾਂ ਮਸਲਿਆਂ ਬਾਰੇ ਗੱਲ ਕਰਨ ਵਿੱਚ ਕਾਫ਼ੀ ਸਮਾਂ ਲੱਗਦਾ ਅਤੇ ਬੜੀ ਕੋਸ਼ਿਸ਼ ਵੀ ਕਰਨੀ ਪੈਂਦੀ,'' ਉਹ ਕਹਿੰਦੀ ਹਨ।

''ਘਰ ਦੇ ਬਜ਼ੁਰਗ (ਔਰਤਾਂ ਜਾਂ ਪੁਰਸ਼) ਬੱਚੇ ਜੰਮਣ, ਬੱਚਿਆਂ ਦਰਮਿਆਨ ਵਿੱਥ ਰੱਖਣ, ਜਨਮ ਨਿਯੰਤਰਣ, ਜਾਂ ਪੋਤੇ-ਪੋਤੀਆਂ ਬਾਰੇ ਗੱਲਬਾਤ ਕੀਤੇ ਜਾਣ ਨੂੰ ਪਸੰਦ ਨਹੀਂ ਕਰਦੇ ਸਨ। ਉਹ ਕਿਹਾ ਕਰਦੇ ' ਬਿਗਾੜਨੇ ਆ ਗਈ ਹਮਾਰੀ ਬਹੂ ਕੋ '। ਪਰ ਹੁਣ ਚੀਜ਼ਾਂ ਬਦਲ ਗਈਆਂ ਹਨ। ਜੁਆਨ ਔਰਤਾਂ ਕਾਫ਼ੀ ਸੁਚੇਤ ਅਤੇ ਜਗਿਆਸੂ ਵੀ ਹਨ, ਜੇ ਉਨ੍ਹਾਂ ਨੂੰ ਕੰਡੋਮ ਚਾਹੀਦਾ ਹੋਵੇ ਤਾਂ ਮੰਗ ਲੈਂਦੀਆਂ ਹਨ,'' ਕਲਾਵਤੀ ਕਹਿੰਦੀ ਹਨ। ਜਾਣਕਾਰੀ ਭਰੀ ਉਨ੍ਹਾਂ ਦੀਆਂ ਗ਼ੈਰ-ਰਸਮੀ ਗੱਲਬਾਤਾਂ ਹੀ ਪ੍ਰਜਨਨ ਅਧਿਕਾਰ ਦੇ ਸੁਨੇਹੇ ਨੂੰ ਜਿਊਂਦੇ ਰੱਖਦੀਆਂ ਹਨ। ਜੁਆਨ ਦੁਲਹਨਾਂ ਦੇ ਨਾਲ਼ ਚਾਹ ਦੀ ਚੁਸਕੀ ਲੈਂਦੇ-ਲੈਂਦੇ ਵੀ ਕਲਾਵਤੀ ਦੋਸਤਾਨਾ ਮਜ਼ਾਕ ਵਿੱਚ ਉਨ੍ਹਾਂ ਨੂੰ ਕੰਮ ਦੀਆਂ ਕਈ ਗੱਲਾਂ ਸਮਝਾ ਦਿੰਦੀ ਹਨ। ''ਮੈਂ ਉਨ੍ਹਾਂ ਨੂੰ ਦੱਸਦੀ ਹਾਂ ਕਿ ਜੇ ਸਿਹਤੰਮਦ ਜ਼ਿੰਦਗੀ ਜਿਊਣੀ ਹੈ ਤਾਂ ਬੱਚਿਆਂ ਵਿਚਾਲੇ ਤਿੰਨ ਸਾਲਾਂ ਦੀ ਵਿੱਥ ਰੱਖਣੀ ਚਾਹੀਦੀ ਹੈ,'' ਉਹ ਕਹਿੰਦੀ ਹਨ।

''ਸੱਸਾਂ ਵੀ ਕਾਫ਼ੀ ਸੁਧਰ ਗਈਆਂ ਹਨ,'' ਆਪਣੀ ਸੱਸ ਨੂੰ ਚੇਤੇ ਕਰਦਿਆਂ ਉਹ ਮੁਸਕਰਾ ਕੇ ਕਹਿੰਦੀ ਹਨ, ਫਰਵਰੀ 2020 ਨੂੰ ਉਨ੍ਹਾਂ ਦੀ ਸੱਸ ਦੀ ਮੌਤ ਹੋ ਗਈ। ਜਦੋਂ ਕਲਾਵਤੀ ਨੇ ਇਹ ਸਭ ਚੀਜ਼ਾਂ ਘਰੇ ਰੱਖਣੀਆਂ ਸ਼ੁਰੂ ਕੀਤੀਆਂ ਤਾਂ ਉਨ੍ਹਾਂ ਨੂੰ ਕੰਡੋਮ ਅਤੇ ਗੋਲ਼ੀਆਂ ਲੁਕਾ ਕੇ ਰੱਖਣੀਆਂ ਪੈਂਦੀਆਂ। ਉਨ੍ਹਾਂ ਦੀ ਸੱਸ ਨੂੰ ਉਨ੍ਹਾਂ ਦਾ ਇਹ ਕੰਮ ਭੋਰਾ ਪਸੰਦ ਨਾ ਆਉਂਦਾ ਅਤੇ ਉਹ ਕਿਹਾ ਕਰਦੀ ਕਿ ਲੋਕਾਂ ਦੀ ਬੈੱਡਰੂਮਾਂ ਅਤੇ ਉਨ੍ਹਾਂ ਦੇ ਭਵਿੱਖ ਦੀਆਂ ਯੋਜਨਾਵਾਂ ਵਿੱਚ ਦਖ਼ਲ ਦੇਣ ਦੀ ਤੈਨੂੰ ਕੀ ਲੋੜ ਹੈ। ਆਪਣੇ ਅਖ਼ੀਰਲੇ ਸਾਲਾਂ ਵਿੱਚ, ਭਾਵੇਂ ਉਹ ਵੀ ਕਲਾਵਤੀ ਦੇ ਕੰਮ ਦੀ ਹਮਾਇਤ ਕਰਨ ਲੱਗ ਗਈ ਸਨ।

Kalavati fills an important and intimate space working with young brides and elders in Tikari
PHOTO • Labani Jangi

ਟੀਕਰੀ ਦੀਆਂ ਜੁਆਨ ਦੁਲਹਨਾਂ ਅਤੇ ਬਜ਼ੁਰਗਾਂ ਦਰਮਿਆਨ ਕੰਮ ਕਰਦਿਆਂ ਕਰਦਿਆਂ ਕਲਾਵਤੀ ਨੇ ਆਪਣੀ ਅਹਿਮਤ ਅਤੇ ਡੂੰਘੀ ਥਾਂ ਬਣਾਈ ਹੈ

''ਉਨ੍ਹਾਂ ਨੂੰ ਲੱਗਿਆ ਇਹ ਕੰਮ ਬੇਲੋੜਾ ਹੈ, ਦੇਖਿਆ ਜਾਵੇ ਤਾਂ ਚੰਗਾ ਕੰਮ ਹੀ ਨਹੀਂ। ਜਦੋਂ ਮੈਂ ਅਜੇ ਸੱਜ-ਵਿਆਹੀ ਸਾਂ ਤਾਂ ਮੇਰੇ ਵੀ ਥੋੜ੍ਹੀ ਥੋੜ੍ਹੀ ਵਿੱਥ 'ਤੇ ਬੱਚੇ ਜੰਮੇ। ਪਹਿਲਾਂ ਦੋ ਜੋੜੇ ਬੇਟੇ ਅਤੇ ਫਿਰ ਇੱਕ ਬੇਟੀ। ਛੇਤੀ ਹੀ ਮੈਂ ਤੀਜੀ ਵਾਰੀ ਗਰਭਵਤੀ ਹੋ ਗਈ। ਉਹ ਗਰਭਅਵਸਥਾ ਤਕਲੀਫ਼ੇਹ ਅਤੇ ਪੇਚੀਦਾ ਸੀ। ਕਾਸ਼ ਕਿਸੇ ਨੇ ਮੈਨੂੰ ਕੋਈ ਸਲਾਹ ਦਿੱਤੀ ਹੁੰਦੀ ਜਾਂ ਰਾਹ ਦਿਖਾਇਆ ਹੁੰਦਾ। ਮੈਂ ਲਾਚਾਰ ਹੋ ਕੇ ਰਹਿ ਗਈ। ਮੈਂ ਆਪਣਾ ਤੀਜਾ ਬੱਚਾ ਗੁਆ ਲਿਆ ਅਤੇ ਇਸ ਘਟਨਾ ਨੇ ਮੇਰੇ ਅੰਦਰ ਗੁੱਸਾ ਭਰ ਦਿੱਤਾ,'' ਉਹ ਦੁਖੀ ਅਵਾਜ਼ ਵਿੱਚ ਕਹਿੰਦੀ ਹਨ ਅਤੇ ਇਹ ਸਪੱਸ਼ਟ ਕਰਨ ਲਈ ਕਿ ਆਖ਼ਰ ਉਹ ਬੁਨਿਆਦੀ ਮਿਹਨਤਾਨੇ ਤੋਂ ਬਗ਼ੈਰ ਵੀ ਇਹ ਕੰਮ ਕਿਉਂ ਕਰ ਰਹੀ ਹਨ, ਆਪਣੇ ਤਜ਼ਰਬਿਆਂ ਨੂੰ ਸਾਂਝਾ ਕਰਦੀ ਹਨ। ''ਮੇਰਾ ਕੰਮ ਕਰਨ ਦਾ ਤਰੀਕਾ ਇਸਲਈ ਵੀ ਇਹ ਹੈ ਕਿਉਂਕਿ ਸਾਨੂੰ ਸਾਰਿਆਂ ਨੂੰ ਕਿਤੇ ਨਾ ਕਿਤੇ ਸਲੇਹੀ ਦੀ ਸਲਾਹ ਦੀ ਲੋੜ ਰਹਿੰਦੀ ਹੈ,'' ਉਹ ਕਹਿੰਦੀ ਹਨ। ਉਹ ਸਾਨੂੰ ਚੇਤਾ ਕਰਾਉਂਦੀ ਹਨ ਕਿ ਉਨ੍ਹਾਂ ਦੇ ਸਿਰ ਆਸ਼ਾ ਵਰਕਰਾਂ ਵਾਂਗਰ ਟੀਚਿਆਂ ਨੂੰ ਪੂਰੇ ਕਰਨ ਦਾ ਦਬਾਅ ਨਹੀਂ।

ਕਲਾਵਤੀ ਦੀ ਪਹੁੰਚ ਜਨਤਕ ਸਿਹਤ ਕਰਮੀਆਂ ਅਤੇ ਐੱਨਜੀਓ ਕਰਮੀਆਂ ਦੀ ਪਹੁੰਚ ਦੇ ਮੁਕਾਬਲੇ ਗ਼ੈਰ-ਰਸਮੀ ਹੈ, ਜੋ ਪ੍ਰਜਣਨ ਸਬੰਧੀ ਮਾਮਲਿਆਂ ਨੂੰ ਕਲੀਨਿਕਲ ਤਰੀਕੇ ਰਾਹੀਂ ਹੀ ਹੱਲ ਕਰਦੇ ਹਨ। ਪਰ ਕਲਾਵਤੀ ਨੇ ਆਪਣੇ ਲਈ ਜੋ ਘੇਰਾ ਘੱਤਿਆ ਹੈ ਉਹ ਉਸ ਦੀਆਂ ਸੀਮਾਵਾਂ ਖ਼ੁਦ ਜਾਣਦੀ ਹਨ। ''ਜਦੋਂ ਇੱਕ ਔਰਤ ਨੂੰ ਦਰਦਾਂ ਲੱਗੀਆਂ ਹੋਣ ਜਾਂ ਕੋਈ ਐਮਰਜੈਂਸੀ ਦੀ ਹਾਲਤ ਹੋਵੇ ਤਾਂ ਉਹ ਮੈਨੂੰ ਫ਼ੋਨ ਨਹੀਂ ਕਰਦੇ,'' ਉਹ ਕਹਿੰਦੀ ਹਨ। ਉਹ ਸਿੱਧਿਆਂ ਆਸ਼ਾ ਵਰਕਰ ਜਾਂ ਜਨਤਕ ਸਿਹਤ ਕੇਂਦਰ ਵਿਖੇ ਜਾਂਦੇ ਹਨ।

ਅੱਜ, ਉਹ ਆਸ਼ਾ ਵਰਕਰਾਂ ਦੇ ਨਾਲ਼ ਰਲ਼ ਕੇ ਕੰਮ ਕਰਦੀ ਹਨ ਅਤੇ ਕੰਡੋਮ, ਗੋਲ਼ੀਆਂ ਅਤੇ ਹੋਰ ਸਮੱਗਰੀਆਂ ਵੰਡਣ ਵਿੱਚ ਉਨ੍ਹਾਂ ਦੀ ਮਦਦ ਕਰਦੀ ਹਨ। ਹਰ ਪੰਦਰਵਾੜੇ ਨੂੰ, ਉਹ ਭੇਟੂਆ ਬਲਾਕ ਦੇ ਸਿਹਤ ਕੇਂਦਰ ਵਿਖੇ ਜਾਂਦੀ ਹਨ ਜੋ ਉਨ੍ਹਾਂ ਦੇ ਘਰੋਂ 25 ਮਿੰਟਾਂ ਦਾ ਰਾਹ ਹੈ। ਉੱਥੋਂ ਉਹ ਲੋੜੀਂਦੀ ਸਮੱਗਰੀ ਦਾ ਸਟਾਕ ਲਿਆਉਂਦੀ ਹਨ ਅਤੇ ਲੋੜਵੰਦਾਂ ਨੂੰ ਦਿੰਦੀ ਹਨ। ਜਦੋਂ ਪਿੰਡ ਦੀਆਂ ਔਰਤਾਂ ਲਈ ਸਿਹਤ ਕੇਂਦਰ ਜਾਣਾ ਔਖ਼ਾ ਹੋ ਜਾਵੇ ਤਾਂ ਉਹ ਕਲਾਵਤੀ ਕੋਲ਼ ਆਉਂਦੀਆਂ ਹਨ। ਲੋਕ ਉਨ੍ਹਾਂ ਕੋਲ਼ੋਂ ਕੰਡੋਮ ਅਤੇ ਸਹੇਲੀ ਗੋਲ਼ੀਆਂ (ਪਰਿਵਾਰ ਨਿਯੋਜਨ ਲਈ) ਲੈਣ ਆਉਂਦੇ ਹਨ। ''ਮੇਰੇ ਕੋਲ਼ ਘਰੇ ਹਮੇਸ਼ਾਂ ਸਾਰਾ ਕੁਝ ਰੱਖਿਆ ਹੁੰਦਾ ਹੈ। ਪਰ ਮੈਂ ਖ਼ੁਦ ਜਾ ਕੇ ਵੀ ਉਨ੍ਹਾਂ ਨੂੰ ਸਮਾਨ ਦਿੰਦੀ ਹਾਂ ਅਤੇ ਲੋੜ ਪੈਣ 'ਤੇ ਬਹਾਨਾ ਵੀ ਬਣਾ ਲੈਂਦੀ ਹਾਂ,'' ਕਲਾਵਤੀ ਕਹਿੰਦੀ ਹਨ।

ਸਿਹਤ ਕੇਂਦਰਾਂ ਤੋਂ ਮਿਲ਼ਣ ਵਾਲ਼ੀਆਂ ਗੋਲ਼ੀਆਂ ਮੁਫ਼ਤ ਹੁੰਦੀਆਂ ਹਨ। ਹਾਲਾਂਕਿ, ਉਹ ਲੋਕਲ ਕੰਮ ਕਰ ਰਹੀ ਐੱਨਜੀਓ ਕੋਲ਼ੋਂ ਵੀ ਕੰਡੋਮ ਅਤੇ ਸੈਨਿਟਰੀ ਨੈਪਕਿਨ ਲੈ ਲੈਂਦੀ ਹਨ ਜਾਂ ਕਈ ਵਾਰੀਂ ਉਨ੍ਹਾਂ ਨੂੰ ਸਥਾਨਕ ਫਾਰਮੇਸੀ ਤੋਂ ਪੱਲਿਓਂ ਪੈਸੇ ਖਰਚ ਕੇ ਵੀ ਸਮਾਨ ਲੈਣਾ ਪੈਂਦਾ ਹੈ।

Women of family in Tikari speaking to ‘depot didi’ Kalavati Soni and ASHA worker Vinita Soni
PHOTO • Anubha Bhonsle
During the lockdowns in 2020, Kalavati used to meet women secretly and give them contraceptive pills like Mala-N and Saheli, and condoms as well
PHOTO • Anubha Bhonsle

ਖੱਬੇ: ਟੀਕਰੀ ਦੇ ਇੱਕ ਪਰਿਵਾਰ ਦੀਆਂ ਔਰਤਾਂ 'ਡਿਪੂ ਦੀਦੀ ', ਕਲਾਵਤੀ ਸੋਨੀ ਅਤੇ ਆਸ਼ਾ ਵਰਕਰ ਵਿਨੀਤਾ ਸੋਨੀ ਨਾਲ਼ ਗੱਲਬਾਤ ਕਰਦੀਆਂ ਹੋਈਆਂ। ਸੱਜੇ: 2020 ਦੀ ਤਾਲਾਬੰਦੀ ਦੌਰਾਨ ਕਲਾਵਤੀ ਲੁਕ-ਛਿਪ ਕੇ ਔਰਤਾਂ ਨੂੰ ਮਿਲਦੀ ਰਹੀ ਅਤੇ ਉਨ੍ਹਾਂ ਨੂੰ ਗਰਭ-ਨਿਰੋਧਕ ਗੋਲ਼ੀਆਂ ਜਿਵੇਂ ਮਾਲ਼ਾ-ਐੱਨ ਅਤੇ ਸਹੇਲੀ ਵਗੈਰਾ ਅਤੇ ਕੰਡੋਮ ਵੰਡਦੀ ਰਹੀ

2020 ਦੀ ਤਾਲਾਬੰਦੀ ਦੇ ਮਹੀਨੇ ਉਨ੍ਹਾਂ ਵਾਸਤੇ ਵੱਡੀ ਚੁਣੌਤੀ ਸਾਬਤ ਹੋਏ। ਘਰੋਂ ਬਾਹਰ ਜਾਣ 'ਤੇ ਲੱਗੀਆਂ ਪਾਬੰਦੀਆਂ ਕਾਰਨ ਕਲਾਵਤੀ ਨੂੰ ਗਰਭ-ਨਿਰੋਧਕ ਗੋਲ਼ੀਆਂ ਦੀ ਮੰਗ ਕਰਦੀਆਂ ਰੋਜ਼ ਪੰਜ-ਛੇ ਔਰਤਾਂ ਦਾ ਫ਼ੋਨ ਆਉਂਦਾ। ''ਪੁਰਸ਼ ਬਾਹਰ ਨਹੀਂ ਜਾ ਰਹੇ ਸਨ; ਕਿਸੇ ਨੂੰ ਕੋਈ ਕੰਮ ਨਹੀਂ ਸੀ ਅਤੇ ਔਰਤਾਂ ਨੂੰ ਗਰਭਧਾਰਣ ਦਾ ਡਰ ਸਤਾ ਰਿਹਾ ਸੀ। ਕਈਆਂ ਦਾ ਡਰ ਸਹੀ ਸਾਬਤ ਵੀ ਹੋਇਆ। ਮੈਂ ਖੇਤਾਂ ਵਿੱਚ ਉਨ੍ਹਾਂ ਨੂੰ ਚੋਰੀ-ਛਿਪੇ ਮਿਲ਼ਿਆ ਕਰਦੀ ਅਤੇ ਸਹੇਲੀ ਗੋਲ਼ੀਆਂ ਅਤੇ ਕੰਡੋਮ ਦੇ ਦਿਆ ਕਰਦੀ- ਉਦੋਂ ਤੱਕ ਜਦੋਂ ਤੱਕ ਮੈਨੂੰ ਸਪਲਾਈ ਆਉਂਦੀ ਰਹੀ,'' ਕਲਾਵਤੀ ਕਹਿੰਦੀ ਹਨ। ਔਰਤਾਂ ਦੀਆਂ ਵੀ ਇੱਛਾਵਾਂ ਹੁੰਦੀਆਂ ਅਤੇ ''ਇੱਛਾ ਕਦੋਂ ਆ ਜਾਵੇਗੀ ਕੁਝ ਪੱਕਾ ਸਮਾਂ ਨਾ ਹੁੰਦਾ,'' ਗੱਲ ਪੂਰੀ ਕਰਦਿਆਂ ਕਲਾਵਤੀ ਕਹਿੰਦੀ ਹਨ।

''ਮੇਰੇ ਕੋਲ਼ ਸੀਮਤ ਸਟਾਕ (ਭੰਡਾਰ) ਸੀ। ਮੰਗ ਦਿਨੋ-ਦਿਨ ਵੱਧ ਰਹੀ ਸੀ ਅਤੇ ਮੈਨੂੰ ਕਿਤੋਂ ਕੁਝ ਨਹੀਂ ਮਿਲ਼ ਸਕਿਆ ਸੀ। ਦੱਸੋ ਮੈਂ ਕੀ ਕਰਦੀ? ਮੇਰੀਆਂ ਜਾਣਕਾਰ ਪਿੰਡ ਦੀਆਂ ਸੱਤ ਔਰਤਾਂ ਗਰਭਵਤੀ ਨਹੀਂ ਹੋਣਾ ਚਾਹੁੰਦੀਆਂ ਸਨ। ਪਰ ਉਹ ਗਰਭਵਤੀ ਹੋ ਗਈਆਂ। ਤੁਸੀਂ ਕਰ ਵੀ ਕੀ ਕਰ ਸਕਦੇ ਸੋ?'' ਉਹ ਪੁੱਛਦੀ ਹਨ। ਨੇਤਾਵਾਂ ਨੇ ਬਗ਼ੈਰ ਸੋਚੇ-ਸਮਝੇ ਦੇਸ਼ ਨੂੰ ਤਾਲਾਬੰਦੀ ਵਿੱਚ ਝੋਕ ਦਿੱਤਾ। ਮੈਨੂੰ ਲੱਗਦਾ ਸ਼ਾਇਦ ਹੀ ਕਿਸੇ ਅਧਿਕਾਰੀ ਨੇ ਔਰਤਾਂ ਬਾਰੇ ਸੋਚਿਆ ਹੋਊ। '' ਕੌਨ ਸੋਚਤਾ ਹੈ ਇਨ ਸਭ ਚੀਜ਼ੋਂ ਕੇ ਬਾਰੇ ਮੇਂ, ਕਿ ਯਹ ਭੀ ਜ਼ਰੂਰੀ ਹੈ ? '' ਕਲਾਵਤੀ ਡੂੰਘਾ ਸਾਹ ਲੈਂਦਿਆਂ ਕਹਿੰਦੀ ਹਨ।

ਸਾਲਾਂ ਦੇ ਇਸ ਸਫ਼ਰ ਦੌਰਾਨ, ਹਰ ਉਮਰ ਵਰਗ ਦੀਆਂ ਔਰਤਾਂ ਕਲਾਵਤੀ ਨਾਲ਼ ਆਪਣੀਆਂ ਜ਼ਿੰਦਗੀਆਂ, ਆਪਣੇ ਟੀਚਿਆਂ ਅਤੇ ਚੁਣੌਤੀਆਂ ਬਾਰੇ  ਖੁੱਲ੍ਹ ਕੇ ਗੱਲ ਕਰਨ ਲੱਗੀਆਂ ਹਨ। ਉਨ੍ਹਾਂ ਦਾ ਕਲਾਵਤੀ 'ਤੇ ਯਕੀਨ ਹੋਰ ਡੂੰਘਾ ਹੋ ਗਿਆ ਹੈ। ''ਮੈਂ ਹਰ ਤਰ੍ਹਾਂ ਦੀਆਂ ਕਹਾਣੀਆਂ ਅਤੇ ਭੇਦਾਂ ਦੀ ਵੀ ਡਿਪੂ ਹੋਲਡਰ ਹਾਂ,'' ਇੰਨਾ ਕਹਿ ਉਹ ਹੱਸਣ ਲੱਗਦੀ ਹਨ।

ਪਾਰੀ ( PARI ) ਅਤੇ ਕਾਊਂਟਰਮੀਡੀਆ ਟ੍ਰਸਟ ਵੱਲੋਂ ਗ੍ਰਾਮੀਣ ਭਾਰਤ ਦੀਆਂ ਕਿਸ਼ੋਰੀਆਂ ਅਤੇ ਨੌਜਵਾਨ ਔਰਤਾਂ ' ਤੇ ਰਿਪੋਰਟਿੰਗ ਦੀ ਯੋਜਨਾ ਪਾਪੁਲੇਸ਼ਨ ਫਾਊਂਡੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ਼ ਇੱਕ ਪਹਿਲ ਦਾ ਹਿੱਸਾ ਹੈ, ਤਾਂਕਿ ਆਮ ਲੌਕਾਂ ਦੀਆਂ ਅਵਾਜਾਂ ਅਤੇ ਉਨ੍ਹਾਂ ਦੇ ਜਿਊਂਦੇ ਤਜ਼ਰਬਿਆਂ ਦੇ ਜ਼ਰੀਏ ਇਨ੍ਹਾਂ ਮਹੱਤਵਪੂਰਨ ਪਰ ਹਾਸ਼ੀਏ ' ਤੇ ਧੱਕੇ ਸਮੂਹਾਂ ਦੀ ਹਾਲਤ ਦਾ ਪਤਾ ਲਾਇਆ ਜਾ ਸਕੇ।

ਇਸ ਲੇਖ ਨੂੰ ਛਾਪਣਾ ਚਾਹੁੰਦੇ ਹੋ? ਕ੍ਰਿਪਾ ਕਰਕੇ [email protected] ਲਿਖੋ ਅਤੇ ਉਹਦੀ ਇੱਕ ਪ੍ਰਤੀ [email protected] ਨੂੰ ਭੇਜ ਦਿਓ।

ਤਰਜਮਾ: ਕਮਲਜੀਤ ਕੌਰ

Anubha Bhonsle is a 2015 PARI fellow, an independent journalist, an ICFJ Knight Fellow, and the author of 'Mother, Where’s My Country?', a book about the troubled history of Manipur and the impact of the Armed Forces Special Powers Act.

Other stories by Anubha Bhonsle
Illustrations : Labani Jangi

Labani Jangi is a 2020 PARI Fellow, and a self-taught painter based in West Bengal's Nadia district. She is working towards a PhD on labour migrations at the Centre for Studies in Social Sciences, Kolkata.

Other stories by Labani Jangi
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur