“ਮੈਂ ਇੱਥੇ ਉਨ੍ਹਾਂ ਲੋਕਾਂ ਲਈ ਖਾਣਾ ਪਕਾ ਰਹੀ ਹਾਂ ਜੋ ਮੈਨੂੰ ਨਾਲ਼ ਲਿਆਏ ਹਨ। ਮੇਰੇ ਪਤੀ ਇੱਟਾਂ ਥੱਪਣ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ,” ਉਰਵਸ਼ੀ ਕਹਿੰਦੀ ਹਨ, ਜਿਨ੍ਹਾਂ ਨਾਲ਼ ਅਸੀਂ ਹੈਦਰਾਬਾਦ ਦੇ ਇੱਟ-ਭੱਠੇ ਵਿੱਚ ਮਿਲ਼ੇ।

ਅਸੀਂ 61 ਸਾਲਾ ਦੇਗੂ ਧਰੂਆ ਅਤੇ 58 ਸਾਲਾ ਉਰਵਸ਼ੀ ਧਰੂਆ, ਇਨ੍ਹਾਂ ਦੋਵਾਂ ਬਜ਼ੁਰਗਾਂ ਨੂੰ ਦੇਖ ਬੜੇ ਹੈਰਾਨ ਹੋਏ। ਇਹ ਦੋਵੇਂ ਪਤੀ-ਪਤਨੀ ਪੱਛਮੀ ਓਡੀਸਾ ਦੇ ਬੋਲਾਨਗੀਰ ਜ਼ਿਲ੍ਹੇ ਦੀ ਬੇਲਪਾੜਾ ਗ੍ਰਾਮ ਪੰਚਾਇਤ ਦੇ ਪੰਡਰੀਜੋਰ ਪਿੰਡ ਦੇ ਵਾਸੀ ਹਨ। ਇਹ ਦੇਸ਼ ਦੇ ਬੇਹੱਦ ਕੰਗਾਲ ਪਿੰਡਾਂ ਵਿੱਚੋਂ ਇੱਕ ਹੈ।

ਪੱਛਮੀ ਓਡੀਸਾ, ਜਿੱਥੋਂ ਮੈਂ ਪਿਛਲੇ ਦੋ ਦਹਾਕਿਆਂ ਤੋਂ ਰਿਪੋਰਟਿੰਗ ਕਰਦਾ ਆਇਆ ਹਾਂ, ਦੇ ਲੋਕ 50 ਸਾਲ ਤੋਂ ਵੱਧ ਸਮੇਂ ਤੋਂ ਪ੍ਰਵਾਸ ਕਰਦੇ ਆਏ ਹਨ। ਇਹ ਖਿੱਤਾ ਗ਼ਰੀਬੀ ਅਤੇ ਸਿਆਸੀ ਕੁਚਾਲਾਂ ਦੇ ਨਿਕਲ਼ਦੇ ਨਤੀਜਿਆਂ ਤੋਂ ਇਲਾਵਾ ਭੁਖਮਰੀ, ਫ਼ਾਕਿਆਂ ਕਾਰਨ ਮੌਤਾਂ ਅਤੇ ਬੱਚਿਆਂ ਨੂੰ ਵੇਚਣ ਜਿਹੇ ਕਈ ਕਾਰਨਾਂ ਕਰਕੇ ਬਦਨਾਮ ਸੀ।

ਸਾਲ 1966-67 ਵਿੱਚ, ਅਕਾਲ ਜਿਹੀ ਹਾਲਤ ਨੇ ਲੋਕਾਂ ਨੂੰ ਪ੍ਰਵਾਸ ਕਰਨ ਲਈ ਮਜ਼ਬੂਰ ਕੀਤਾ। 90ਵਿਆਂ ਵਿੱਚ ਜਦੋਂ ਕਾਲਾਹਾਂਡੀ, ਨੁਆਪਾੜਾ, ਬੋਲਾਨਗੀਰ ਅਤੇ ਹੋਰਨਾਂ ਜ਼ਿਲ੍ਹਿਆਂ ਵਿੱਚ ਜ਼ਬਰਦਸਤ ਅਕਾਲ ਪਿਆ ਸੀ, ਤਾਂ ਲੋਕਾਂ ਨੇ ਦੋਬਾਰਾ ਇੱਥੋਂ ਡੰਡਾ-ਡੋਲੀ ਚੁੱਕਿਆ ਅਤੇ ਕੰਮ ਦੀ ਭਾਲ਼ ਵਿੱਚ ਨਿਕਲ ਤੁਰੇ। ਉਸ ਸਮੇਂ, ਅਸੀਂ ਨੋਟਿਸ ਕੀਤਾ ਸੀ ਕਿ ਜੋ ਲੋਕ ਹੱਥੀਂ ਕੰਮ ਕਰ ਸਕਦੇ ਸਨ ਉਹੀ ਕੰਮ ਦੀ ਭਾਲ਼ ਵਿੱਚ ਨਿਕਲ਼ੇ ਹਨ, ਜਦੋਂਕਿ ਬਜ਼ੁਰਗ ਲੋਕ ਮਗਰ ਪਿੰਡ ਹੀ ਰੁਕੇ ਰਹੇ।

PHOTO • Purusottam Thakur

ਬਹੁਤੇਰੇ ਪ੍ਰਵਾਸੀ (ਖੱਬੇ) ਜੋ ਹੈਦਰਾਬਾਦ ਦੇ ਭੱਠਿਆਂ ਵਿੱਚ ਕੰਮ ਕਰਦੇ ਹਨ, ਉਹ ਦੇਗੂ ਧਰੂਆ ਅਤੇ ਉਨ੍ਹਾਂ ਦੀ ਪਤਨੀ ਉਰਵਸ਼ੀ ਧਰੂਆ ਤੋਂ ਕਾਫ਼ੀ ਛੋਟੇ ਹਨ

“ਉਹ ਕਈ ਕਾਰਨਾਂ ਕਰਕੇ ਪਿਛਾਂਹ ਰੁਕੇ ਰਹੇ। ਜਿਨ੍ਹਾਂ ਲੋਕਾਂ ਨੇ ਪਿੰਡ ਛੱਡਿਆ, ਉਨ੍ਹਾਂ ਨੂੰ ਬੜੀ ਮਿਹਨਤ ਕਰਨੀ ਪਈ। ਇੱਟ-ਭੱਠਿਆਂ ਵਿੱਚ (ਜਿੱਥੇ ਬਹੁਤ ਸਾਰੇ ਪ੍ਰਵਾਸੀਆਂ ਨੂੰ ਕੰਮ ਮਿਲ਼ ਜਾਂਦਾ ਹੈ) ਰਾਤ-ਦਿਨ ਕੰਮ ਕਰਨਾ ਪੈਂਦਾ ਹੈ ਅਤੇ ਬਜ਼ੁਰਗ ਲੋਕ ਇੰਨੀ ਮਿਹਨਤ ਵਾਲ਼ਾ ਕੰਮ ਨਹੀਂ ਕਰ ਸਕਦੇ,” ਵਿਸ਼ਣੂ ਸ਼ਰਮਾ ਨਾਮ ਦੇ ਇੱਕ ਵਕੀਲ ਅਤੇ ਮਾਨਵ-ਅਧਿਕਾਰ ਕਾਰਕੁੰਨ ਦੱਸਦੇ ਹਨ, ਜਿਨ੍ਹਾਂ ਨੇ ਕਈ ਦਹਾਕਿਆਂ ਤੋਂ ਓਡੀਸਾ ਤੋਂ ਹੋਣ ਵਾਲ਼ੇ ਪ੍ਰਵਾਸ ਨੂੰ ਕਾਫ਼ੀ ਨੇੜਿਓਂ ਵਾਚਿਆ ਹੈ। ਉਹ ਬੇਲਗਾਨਗੀਰ ਜ਼ਿਲ੍ਹੇ ਦੇ ਕਾਂਟਾਬਾਂਜੀ ਵਿੱਚ ਰਹਿੰਦੇ ਹਨ, ਕਾਂਟਾਬਾਂਜੀ ਮੇਨ ਰੇਲਵੇ ਸਟੇਸ਼ਨ ਵਿੱਚ ਜਿੱਥੋਂ ਲੋਕ ਤਿਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਇੱਟ-ਭੱਠਿਆਂ ਸਣੇ ਅੱਡ-ਅੱਡ ਥਾਵਾਂ ‘ਤੇ ਕੰਮ ਕਰਨ ਜਾਣ ਲਈ ਟ੍ਰੇਨ ਫੜ੍ਹਦੇ ਹਨ। “ਇਸਲਈ ਕੋਈ (ਭੱਠਾ) ਮਾਲਕ (ਬਜ਼ੁਰਗ ਮਜ਼ਦੂਰਾਂ ਨੂੰ) ਪੇਸ਼ਗੀ ਰਕਮ ਨਹੀਂ ਦਿੰਦਾ,” ਸ਼ਰਮਾ ਦੱਸਦੇ ਹਨ। “ਬਜ਼ੁਰਗ ਲੋਕ ਇਸਲਈ ਵੀ ਪਿਛਾਂਹ ਰੁਕੇ ਰਹੇ ਤਾਂਕਿ ਘਰ ਦੀ ਦੇਖਰੇਖ ਕਰਨ ਦੇ ਨਾਲ਼ ਨਾਲ਼ ਮਗਰ ਛੱਡੇ ਬੱਚਿਆਂ ਦੀ ਨਿਗਰਾਨੀ ਅਤੇ ਰਾਸ਼ਨ ਲਿਆਉਣ ਦਾ ਕੰਮ ਕਰ ਸਕਣ ਅਤੇ ਜਿਨ੍ਹਾਂ ਲੋਕਾਂ ਦਾ ਕੋਈ ਸਹਾਰਾ ਨਹੀਂ ਸੀ, ਉਨ੍ਹਾਂ ਨੂੰ ਬੜੇ ਜਫ਼ਰ ਜਾਲਣੇ ਪਏ।”

ਪਰ ਕੁਝ ਦਹਾਕਿਆਂ ਬਾਅਦ, 1966-2000 ਦੇ ਵਕਫ਼ੇ ਦੌਰਾਨ ਬਦਤਰ ਹੋਏ ਹਾਲਾਤਾਂ ਵਿੱਚ ਮਾਸਾ ਕੁ ਬਿਹਤਰੀ ਹੋਈ, ਖ਼ਾਸ ਕਰਕੇ ਸਮਾਜਿਕ ਸੁਰੱਖਿਆ ਦੀਆਂ ਯੋਜਨਾਵਾਂ ਦੇ ਕਾਰਨ, ਜਿਸ ਵਿੱਚ ਬਜ਼ੁਰਗਾਂ ਅਤੇ ਵਿਧਵਾਵਾਂ ਵਾਸਤੇ ਪੈਨਸ਼ਨ ਵੀ ਸ਼ਾਮਲ ਹੈ। ਬਾਕੀ, ਇੱਕ ਦਹਾਕੇ ਤੋਂ ਘੱਟ ਸਮੇਂ ਤੋਂ ਇੱਥੇ ਭੁੱਖ ਕਾਰਨ ਕਿਸੇ ਦੀ ਮੌਤ ਦੀ ਖ਼ਬਰ ਨਹੀਂ ਆਈ। ਇਹਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਜਿਊਣ ਵਾਲ਼ੇ ਲੋਕਾਂ ਲਈ ਓਡੀਸਾ ਵਿੱਚ ਅਗਸਤ 2008 ਤੋਂ, 2 ਰੁਪਏ ਕਿਲੋ ਸਬਸਿਡੀ ਚੌਲ਼ ਦੀ ਯੋਜਨਾ ਸ਼ੁਰੂ ਕੀਤੀ ਗਈ, ਜਿਹਨੂੰ 2013 (ਇਹਦੇ ਤਹਿਤ ਹਰ ਪਰਿਵਾਰ ਨੂੰ ਹਰ ਮਹੀਨੇ 25 ਕਿਲੋ ਚੌਲ਼ ਮਿਲ਼ਦੇ ਹਨ) ਵਿੱਚ ਘਟਾ ਕੇ 1 ਰੁਪਿਆ ਕਿਲੋ ਕਰ ਦਿੱਤਾ ਗਿਆ।

ਫਿਰ ਇੰਨੀ ਕਿਹੜੀ ਮਜ਼ਬੂਰੀ ਸੀ ਜਿਸ ਕਰਕੇ ਉਰਵਸ਼ੀ ਅਤੇ ਦੇਗੂ ਧਰੂਆ ਨੂੰ ਹੈਦਰਾਬਾਦ ਆ ਕੇ ਇੱਟ-ਭੱਠਿਆਂ ‘ਤੇ ਕੰਮ ਕਰਨਾ ਪਿਆ? ਫਿਰ ਭਾਵੇਂ ਦਹਾਕਿਆਂ-ਬੱਧੀ ਹਾਲਾਤ ਜਿੰਨੇ ਮਰਜ਼ੀ ਮਾੜੇ ਕਿਉਂ ਨਾ ਰਹੇ ਹੋਣ, ਇੰਨੇ ਬਜ਼ੁਰਗ ਲੋਕਾਂ ਨੇ ਇੰਨੀ ਸਖ਼ਤ ਮੁਸ਼ੱਕਤ ਕਰਨ ਲਈ ਪ੍ਰਵਾਸ ਨਹੀਂ ਕੀਤਾ ਸੀ।

PHOTO • Purusottam Thakur

ਧਰੂਆ ਪਤੀ-ਪਤਨੀ ਓਡੀਸਾ ਦੇ ਬੋਲਾਨਗੀਰ ਜ਼ਿਲ੍ਹੇ ਤੋਂ ਪ੍ਰਵਾਸ ਕਰਨ ਦੇ ਆਪਣੇ ਫ਼ੈਸਲੇ ਨੂੰ ਲੈ ਕੇ ਪਛਤਾ ਰਹੇ ਹਨ ਕਿਉਂਕਿ ਭੱਠੇ ‘ਤੇ ਸਖ਼ਤ ਮਿਹਨਤ ਕਰਨ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਰਹੀ ਹੈ

“ਸਾਡੀਆਂ ਦੋ ਧੀਆਂ ਹਨ ਅਤੇ ਦੋਵੇਂ ਹੀ ਵਿਆਹੁਤਾ ਹਨ। ਅਸੀਂ ਇਕੱਲੇ ਰਹਿ ਗਏ ਹਾਂ...ਅਸੀਂ ਦਰਮਿਆਨੇ (ਮਾਮੂਲੀ) ਕਿਸਾਨ ਹਾਂ (ਝੋਨਾ ਜਾਂ ਨਰਮਾ ਬੀਜਦੇ ਹਾਂ ਅਤੇ ਇਸ ਸਾਲ ਫ਼ਸਲ ਚੰਗੀ ਨਹੀਂ ਰਹੀ)। ਸਾਡੀ ਦੇਖਭਾਲ਼ ਕਰਨ ਵਾਲ਼ਾ ਵੀ ਕੋਈ ਨਹੀਂ ਹੈ...” ਉਰਵਸ਼ੀ ਕਹਿੰਦੀ ਹਨ।

“ਜਦੋਂ ਅਸੀਂ ਜੁਆਨ ਹੁੰਦੇ ਸਾਂ ਤਾਂ ਦੋ ਵਾਰੀ ਇੱਟ-ਭੱਠੇ ‘ਤੇ ਕੰਮ ਕਰਨ ਆਏ। ਹੁਣ ਸਾਡੇ ਫ਼ਾਕਿਆਂ ਨੇ ਸਾਨੂੰ ਇੱਥੇ ਦੋਬਾਰਾ ਆਉਣ ਲਈ ਮਜ਼ਬੂਰ ਕੀਤਾ,” ਦੇਗੂ ਕਹਿੰਦੇ ਹਨ। “ਪਹਿਲਾਂ ਜਦੋਂ ਮੈਂ ਇੱਟ-ਭੱਠਿਆਂ ‘ਤੇ ਕੰਮ ਕਰਨ ਆਇਆ ਸਾਂ, ਤਾਂ ਸਾਨੂੰ ਜ਼ਿਆਦਾ ਤੋਂ ਜ਼ਿਆਦਾ 500-1000 ਰੁਪਏ ਪੇਸ਼ਗੀ ਵਜੋਂ ਦਿੱਤੇ ਜਾਂਦੇ ਸਨ। ਹੁਣ ਹਰ ਆਦਮੀ ਲਈ ਪੇਸ਼ਗੀ ਦੀ ਰਕਮ 20,000 ਰੁਪਏ ਜਾਂ ਇਸ ਤੋਂ ਵੀ ਵੱਧ ਹੋ ਸਕਦੀ ਹੈ।” ਦੇਗੂ ਦੱਸਦੇ ਹਨ। ਜਿਹੜੇ ਰਿਸ਼ਤੇਦਾਰ ਉਨ੍ਹਾਂ ਨੂੰ ਭੱਠੇ ‘ਤੇ ਲਿਆਏ ਸਨ, ਉਨ੍ਹਾਂ ਨੇ ਭੱਠੇ ਮਾਲਕ ਪਾਸੋਂ 20,000 ਰੁਪਏ ਵਸੂਲੇ, ਪਰ ਉਸ ਪੈਸੇ ਵਿੱਚੋਂ ਦੇਗੂ ਦੇ ਹੱਥ ਸਿਰਫ਼ 10,000 ਰੁਪਏ ਹੀ ਆਏ।

ਪੇਸ਼ਗੀ ਦੀ ਇਹ ਰਕਮ ਪੰਜ ਜਾਂ ਛੇ ਮਹੀਨਿਆਂ ਦੇ ਕੰਮ ਬਦਲੇ ਦਿੱਤੀ ਜਾਂਦੀ ਹੈ। ਪਿੰਡ ਦੇ ਲੋਕ ਵਾਢੀ ਤੋਂ ਬਾਅਦ (ਜਨਵਰੀ-ਫ਼ਰਵਰੀ ਦੇ ਕਰੀਬ) ਭੱਠਿਆਂ ਵਿੱਚ ਕੰਮ ਕਰਨ ਆਉਂਦੇ ਹਨ ਅਤੇ ਜੂਨ ਵਿੱਚ ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਵਾਪਸ ਪਰਤ ਆਉਂਦੇ ਹਨ।

“ਇੱਥੇ ਆਉਣ ਬਾਅਦ ਅਤੇ ਆਪਣੀ ਉਮਰ ਅਤੇ ਵਿਗੜੀ ਸਿਹਤ ਕਾਰਨ ਮੈਂ ਆਪਣਾ ਮਨ ਬਦਲ ਲਿਆ,” ਦੇਗੂ ਕਹਿੰਦੇ ਹਨ। “ਮੈਂ ਠੇਕੇਦਾਰਾਂ ਨੂੰ ਪੇਸ਼ਗੀ ਦੀ ਰਕਮ ਵਾਪਸ ਕਰਕੇ ਮੁੜ ਪਿੰਡ ਜਾਣਾ ਚਾਹੁੰਦਾ ਸਾਂ ਕਿਉਂਕਿ ਇੱਥੇ ਕੰਮ ਬੜਾ ਹੀ ਮੁਸ਼ਕਲ ਹੈ। ਪਰ ਇੱਟ-ਭੱਠੇ ਦੇ ਮਾਲਕ ਨੇ ਸਾਡੀ ਪੇਸ਼ਕਸ਼ ਠੁਕਰਾ ਦਿੱਤੀ। ਫ਼ੈਸਲਾ ਮੰਨਣ ਦੀ ਸ਼ਰਤ ਇਹ ਰੱਖੀ ਗਈ ਕਿ ਮੈਂ ਆਪਣੀ ਥਾਂ ‘ਤੇ ਕਿਸੇ ਹੋਰ ਬੰਦੇ ਨੂੰ ਰਖਵਾ ਦਿਆਂ। ਪਰ ਤੁਸੀਂ ਦੱਸੋ ਮੈਂ ਅਜਿਹਾ ਬੰਦਾ ਕਿੱਥੋਂ ਲਿਆਵਾਂ? ਇਸਲਈ ਇੱਥੇ ਸਾਡਾ ਸੰਘਰਸ਼ ਜਾਰੀ ਹੈ।”

PHOTO • Purusottam Thakur

ਆਰਜੀ ਠ੍ਹਾਰ ਜਿੱਥੇ ਇਹ ਮਜ਼ਦੂਰ ਰਹਿੰਦੇ ਹਨ। ਬਹੁਤੇ ਲੋਕ ਇੱਥੇ ਪੇਸ਼ਗੀ ਰਕਮ ਲਏ ਹੋਣ ਕਾਰਨ ਫਸੇ ਹੋਏ ਹਨ, ਇਹ ਰਕਮ ਚਕਾਉਣ ਲਈ ਉਨ੍ਹਾਂ ਨੂੰ ਸਾਲ ਦੇ ਛੇ ਮਹੀਨੇ ਕੰਮ ਕਰਨਾ ਪੈਂਦਾ ਹੈ

ਦੇਗੂ ਗੱਲ ਕਰਨ ਦੇ ਨਾਲ਼ ਨਾਲ਼ ਪਿੰਡੋਂ (ਆਪਣੇ) ਆਏ ਹੋਏ ਨੌਜਵਾਨ ਮਜ਼ਦੂਰਾਂ ਨੂੰ ਇੱਟਾਂ ਸੁਕਾਉਣ ਲਈ ਆਪਣੀ ਸਹਾਇਤਾ ਦੇ ਰਹੇ ਹਨ ਅਤੇ ਉਰਵਸ਼ੀ, ਚੁੱਲ੍ਹੇ ਦੀ ਅੱਗ ਤੇ ਪੂਰੇ ਸਮੂਹ ਵਾਸਤੇ ਦੁਪਹਿਰ ਦਾ ਖਾਣਾ, ਯਾਨਿ ਚੌਲ਼ ਤੇ ਸਬਜ਼ੀ ਰਿੰਨ੍ਹ ਰਹੀ ਹਨ। ਧਰੂਆ ਨੇ ਸਾਡੇ ਨਾਲ਼ ਚੱਲੀ ਲੰਬੀ ਗੱਲਬਾਤ ਦੌਰਾਨ ਆਪਣੀਆਂ ਪਰੇਸ਼ਾਨੀਆਂ ਬਾਰੇ ਦੱਸਿਆ।

ਅਸੀਂ ਬਾਅਦ ਵਿੱਚ ਤੇਲੰਗਾਨਾ ਅਤੇ ਕੁਝ ਹੋਰ ਇੱਟ-ਭੱਠਿਆਂ ਦਾ ਦੌਰਾ ਕੀਤਾ, ਪਰ ਕਿਤੇ ਵੀ ਸਾਨੂੰ ਇੰਨੇ ਬਜ਼ੁਰਗ ਮਜ਼ਦੂਰ ਨਹੀਂ ਮਿਲ਼ੇ। “ਉਹ ਕਾਫ਼ੀ ਕਮਜ਼ੋਰ ਦਿੱਸ ਰਹੇ ਹਨ,” ਸ਼ਰਮਾ ਨੇ ਧਰੂਆ ਬਾਰੇ ਦੱਸਿਆ, “ਹੁਣ ਉਹ ਪੇਸ਼ਗੀ ਦੀ ਰਕਮ ਲੈ ਕੇ ਜਿਲ੍ਹਣ (ਜਾਲ਼) ਵਿੱਚ ਫਸ ਚੁੱਕੇ ਹਨ। ਇਹ ਹੈ ਪ੍ਰਵਾਸ ਦੀ ਦਿਲ-ਵਲੂੰਧਰੂ ਅਤੇ ਤਲ਼ਖ ਹਕੀਕਤ।”

ਤਰਜਮਾ: ਕਮਲਜੀਤ ਕੌਰ

Purusottam Thakur

Purusottam Thakur is a 2015 PARI Fellow. He is a journalist and documentary filmmaker and is working with the Azim Premji Foundation, writing stories for social change.

Other stories by Purusottam Thakur
Translator : Kamaljit Kaur

Kamaljit Kaur has done M.A. in Punjabi literature. She is the Translations Editor, Punjabi, at People’s Archive of Rural india and a social activist.

Other stories by Kamaljit Kaur