"ਪੰਜਾਬ ਵਿੱਚ ਖੇਤੀ ਸੰਕਟ ਵਰਗਾ ਕੋਈ ਮਸਲਾ ਹੀ ਨਹੀਂ ਹੈ।"

ਇਹ ਪੰਜਾਬ ਦੀ ਸ਼ਕਤੀਸ਼ਾਲੀ ਆੜ੍ਹਤੀਆ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਦਰਸ਼ਨ ਸਿੰਘ ਸੰਘੇੜਾ ਦੇ ਬੋਲ ਹਨ। ਉਹ ਜਥੇਬੰਦੀ ਦੀ ਬਰਨਾਲਾ ਜ਼ਿਲ੍ਹਾ ਇਕਾਈ ਦਾ ਮੁਖੀ ਵੀ ਹੈ। ਆੜ੍ਹਤੀਏ, ਕਿਸਾਨਾਂ ਅਤੇ ਉਨ੍ਹਾਂ ਦੀ ਜਿਣਸ ਖਰੀਦਣ ਵਾਲਿਆਂ ਵਿਚਕਾਰ ਕੜੀ ਦਾ ਕੰਮ ਕਰਦੇ ਹਨ। ਉਹ ਮੰਡੀ ਵਿੱਚ ਜਿਣਸ ਦੀ ਬੋਲੀ ਅਤੇ ਇਸ ਨੂੰ ਖਰੀਦਦਾਰਾਂ ਤਕ ਪੁੱਜਦਾ ਕਰਨ ਦਾ ਸਮੁੱਚਾ ਪ੍ਰਬੰਧ ਕਰਦੇ ਹਨ। ਇਹ ਸੂਦਖੋਰ ਵੀ ਹਨ ਜਿਨ੍ਹਾਂ ਦਾ ਇਸ ਕਾਰੋਬਾਰ ਵਿਚ ਲੰਮਾ-ਚੌੜਾ ਇਤਿਹਾਸ ਹੈ। ਹਾਲ ਹੀ ਦੇ ਸਾਲਾਂ ਦੌਰਾਨ ਉਹ ਡੀਲਰਾਂ ਵਜੋਂ ਵੀ ਉੱਭਰੇ ਹਨ। ਇਸ ਦਾ ਸਾਫ਼ ਮਤਲਬ ਹੈ ਕਿ ਉਹ ਸੂਬੇ ਦੇ ਕਿਸਾਨਾਂ ਉੱਤੇ ਤਕੜਾ ਕੰਟਰੋਲ ਰੱਖਦੇ ਹਨ।

ਆੜ੍ਹਤੀਏ ਸਿਆਸੀ ਤੌਰ 'ਤੇ ਵੀ ਸ਼ਕਤੀਸ਼ਾਲੀ ਹਨ। ਉਹ ਆਪਣੇ ਭਾਈਚਾਰੇ ਦੇ ਪੱਖ ਵਿੱਚ ਖਲੋਣ ਵਾਲੇ ਵਿਧਾਇਕਾਂ ਦੇ ਨਾਮ ਗਿਣਾਉਂਦੇ ਹਨ। ਪਿਛਲੇ ਸਾਲ ਜੁਲਾਈ ਵਿਚ ਇਨ੍ਹਾਂ ਨੇ 'ਫ਼ਖਰ-ਏ-ਕੌਮ' ਖਿਤਾਬ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਨਮਾਨ ਕੀਤਾ ਸੀ। ਮੁਕਾਮੀ ਮੀਡੀਆ ਨੇ ਇਸ ਨੂੰ 'ਵਿਸ਼ਾਲ ਅਭਿਨੰਦਨ ਸਮਾਗਮ' ਆਖਿਆ ਸੀ। ਇਹ ਸਮਾਗਮ ਮੁੱਖ ਮੰਤਰੀ ਦੇ ਇਸ ਐਲਾਨ ਤੋਂ ਤੁਰੰਤ ਬਾਅਦ ਹੋਇਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਕਿਸਾਨਾਂ ਸਿਰ ਚੜ੍ਹਿਆ, ਆੜ੍ਹਤੀਆਂ ਵਾਲਾ ਕਰਜ਼ਾ ਮੁਆਫ਼ ਕਰਨਾ ਮੁਸ਼ਕਿਲ ਹੋਵੇਗਾ।

ਦਿਹਾਤੀ ਪੰਜਾਬ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ ਬਾਰੇ ਇਕ ਅਧਿਐਨ ਦਰਸਾਉਂਦਾ ਹੈ ਕਿ ਕਿਸਾਨਾਂ ਦੇ 86 ਫ਼ੀਸਦ ਅਤੇ ਖੇਤ ਮਜ਼ਦੂਰ ਦੇ 80 ਫ਼ੀਸਦ ਘਰ ਕਰਜ਼ੇ ਦੀ ਦਲਦਲ ਵਿਚ ਫਸੇ ਹੋਏ ਹਨ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਕਰਵਾਏ ਇਸ ਅਧਿਐਨ ਮੁਤਾਬਿਕ, ਇਸ ਕਰਜ਼ੇ ਵਿੱਚੋਂ ਪੰਜਵੇਂ ਹਿੱਸੇ ਤੋਂ ਵੱਧ ਕਰਜ਼ਾ ਆੜ੍ਹਤੀਆਂ ਅਤੇ ਸੂਦਖੋਰਾਂ ਦਾ ਹੈ। ਇਹੀ ਨਹੀਂ, ਜਿੰਨਾ ਹੇਠਾਂ ਜਾਓ, ਇਸ ਕਰਜ਼ੇ ਦਾ ਬੋਝ ਵਧਦਾ ਜਾਂਦਾ ਹੈ। ਸਭ ਤੋਂ ਵੱਧ ਕਰਜ਼ਾ ਦਰਮਿਆਨੇ ਅਤੇ ਛੋਟੇ ਕਿਸਾਨਾਂ ਸਿਰ ਹੈ। ਇਸ ਅਧਿਐਨ ਦਾ ਆਧਾਰ ਕਿਸਾਨਾਂ ਦੇ 1007 ਅਤੇ ਖੇਤ ਮਜ਼ਦੂਰਾਂ ਦੇ 301 ਘਰ ਹਨ। ਇਸ ਅਧਿਐਨ ਤਹਿਤ 2014-15 ਦੌਰਾਨ ਸੂਬੇ ਭਰ ਦੇ ਸਾਰੇ ਖਿੱਤਿਆਂ ਵਿਚੋਂ ਅੰਕੜੇ ਇਕੱਠੇ ਕੀਤੇ ਗਏ। ਇਸ ਮਸਲੇ ਬਾਰੇ ਕੀਤੇ ਹੋਰ ਅਧਿਐਨਾਂ ਵਿਚ ਵੀ ਵਧ ਰਹੇ ਸੰਕਟ ਅਤੇ ਹੋ ਰਹੀ ਦੁਰਗਤ ਬਾਰੇ ਤੱਥ ਸਾਹਮਣੇ ਆਏ ਹਨ।

ਦਰਸ਼ਨ ਸਿੰਘ ਸੰਘੇੜਾ ਖੇਤੀਬਾੜੀ ਦੀ ਬਦਹਾਲੀ ਨੂੰ ਇਹ ਕਹਿੰਦਿਆਂ ਰੱਦ ਕਰਦਾ ਹੈ ਕਿ "ਇਹ ਸਾਰਾ ਕੁਝ ਤਾਂ ਕਿਸਾਨਾਂ ਦੀਆਂ ਸ਼ਾਹ ਖ਼ਰਚ ਆਦਤਾਂ ਕਰਕੇ ਹੈ। ਇਸੇ ਕਰਕੇ ਉਹ (ਕਿਸਾਨ) ਮੁਸ਼ਕਿਲਾਂ ਤੇ ਮੁਸੀਬਤਾਂ ਵਿੱਚ ਫਸਦੇ ਹਨ।" ਉਹ ਪੂਰੀ ਦ੍ਰਿੜ੍ਹਤਾ ਨਾਲ ਆਖਦਾ ਹੈ, "ਅਸੀਂ ਉਨ੍ਹਾਂ ਨੂੰ ਫਸਲਾਂ ਤਿਆਰ ਕਰਨ ਜਾਂ ਹੋਰ ਖ਼ਰਚੇ ਚੁੱਕਣ ਲਈ ਪੈਸਾ ਦਿੰਦੇ ਹਾਂ। ਵਿਆਹ, ਇਲਾਜ ਤੇ ਹੋਰ ਖ਼ਰਚਿਆਂ ਵੇਲੇ ਵੀ ਬਹੁੜਦੇ ਹਾਂ। ਫਿਰ ਜਦੋਂ ਕਿਸਾਨ ਦੀ ਫ਼ਸਲ ਤਿਆਰ ਹੋ ਜਾਂਦੀ ਹੈ ਤਾਂ ਉਹ ਇਸ ਨੂੰ ਆੜ੍ਹਤੀਏ ਕੋਲ ਲਿਆਉਂਦਾ ਹੈ। ਅਸੀਂ ਇਹ ਜਿਣਸ ਸਾਫ਼ ਕਰਦੇ ਹਾਂ; ਬੋਰੀਆਂ ਵਿੱਚ ਭਰਦੇ ਹਾਂ; ਅਗਾਂਹ ਸਰਕਾਰ, ਬੈਂਕਾਂ ਅਤੇ ਮੰਡੀ ਨਾਲ ਖੁਦ ਨਜਿੱਠਦੇ ਹਾਂ।" ਸਰਕਾਰ ਕਣਕ ਅਤੇ ਝੋਨੇ ਦੀ ਕੁਲ ਖ਼ਰੀਦ ਕੀਮਤ ਦਾ 2.5 ਫ਼ੀਸਦ ਹਿੱਸਾ ਆੜ੍ਹਤੀਆਂ ਨੂੰ ਦਿੰਦੀ ਹੈ। ਇਸ ਕਾਰੋਬਾਰ ਦੌਰਾਨ ਸਰਕਾਰ ਵੱਲੋਂ ਸਾਰੀ ਕਾਰਵਾਈ ਪੰਜਾਬ ਮੰਡੀ ਬੋਰਡ ਦੀ ਨਿਗਰਾਨੀ ਹੇਠ ਹੁੰਦੀ ਹੈ। ਕਿਸਾਨਾਂ ਨੂੰ ਜਿਣਸਾਂ ਦਾ ਭੁਗਤਾਨ ਇਨ੍ਹਾਂ ਆੜ੍ਹਤੀਆਂ ਰਾਹੀਂ ਹੁੰਦਾ ਹੈ। ਆੜ੍ਹਤੀਆਂ ਦੀ ਇਹ ਕਮਾਈ ਸੂਦਖੋਰੀ ਵਾਲੀ ਕਮਾਈ ਤੋਂ ਵੱਖਰੀ ਹੁੰਦੀ ਹੈ।

A Punjabi farmer in the field
PHOTO • P. Sainath

ਮਾਨਸਾ ਵਿੱਚ ਕੰਮ ਕਰ ਰਿਹਾ ਇੱਕ ਖੇਤ ਮਜ਼ਦੂਰ। ਪੰਜਾਬ ਵਿੱਚ ਕਿਸਾਨਾਂ ਦੇ ਨਾਲ-ਨਾਲ ਖੇਤ ਮਜ਼ਦੂਰ ਵੀ ਕਰਜ਼ੇ ਦੇ ਬੋਝ ਹੇਠ ਆਏ ਹੋਏ ਹਨ

ਅਸੀਂ ਬਰਨਾਲੇ ਦਰਸ਼ਨ ਸਿੰਘ ਸੰਘੇੜਾ ਦੇ ਦਾਣਾ ਮੰਡੀ ਵਾਲੇ ਦਫ਼ਤਰ ਪਹੁੰਚਦੇ ਹਾਂ। ਇਸ ਤੋਂ ਪਹਿਲਾਂ ਅਸੀਂ ਇਸੇ ਬਲਾਕ ਦੇ ਪਿੰਡ ਜੋਧਪੁਰ ਹੋ ਕੇ ਆਏ ਹਾਂ। ਉੱਥੇ ਰਣਜੀਤ ਸਿੰਘ ਅਤੇ ਬਲਵਿੰਦਰ ਸਿੰਘ ਨੇ ਆਪਣੇ ਰਿਸ਼ਤੇਦਾਰ ਬਲਜੀਤ ਸਿੰਘ ਅਤੇ ਉਸ ਦੀ ਮਾਂ ਬਲਬੀਰ ਕੌਰ ਵੱਲੋਂ ਸ਼ਰ੍ਹੇਆਮ, ਸਭ ਦੇ ਸਾਹਮਣੇ ਕੀਤੀ ਖ਼ੁਦਕੁਸ਼ੀ ਵਾਲੇ ਵਿਸਥਾਰ ਸਹਿਤ ਦੱਸਿਆ ਸੀ। ਇਹ ਘਟਨਾ 25 ਅਪਰੈਲ 2016 ਦੀ ਹੈ ਅਤੇ ਇਹ ਦੋਵੇਂ ਖ਼ੁਦਕੁਸ਼ੀਆਂ ਘੰਟੇ ਦੇ ਅੰਦਰ ਅੰਦਰ ਹੋਈਆਂ ਸਨ। ਬਲਵਿੰਦਰ ਦੱਸਦਾ ਹੈ, "ਉਹ ਆੜ੍ਹਤੀਏ ਵੱਲੋਂ ਉਨ੍ਹਾਂ ਦੀ ਜ਼ਮੀਨ ਦੀ ਕੁਰਕੀ ਦਾ ਵਿਰੋਧ ਕਰ ਰਹੇ ਸਨ। ਆੜ੍ਹਤੀਆ ਅਦਾਲਤੀ ਹੁਕਮ ਅਤੇ 100 ਦੇ ਕਰੀਬ ਪੁਲਿਸ ਵਾਲਿਆਂ ਨਾਲ ਲੈਸ ਹੋ ਕੇ ਆਇਆ ਸੀ। ਇਨ੍ਹਾਂ ਨਾਲ ਮੁਕਾਮੀ ਪ੍ਰਸ਼ਾਸਨ ਦੇ ਕਈ ਮੁਲਾਜ਼ਮ ਅਤੇ ਆੜ੍ਹਤੀਆਂ ਦੇ ਕਈ ਗੁੰਡੇ ਵੀ ਸਨ।" ਕੁਲ ਮਿਲਾ ਕੇ ਤਕਰੀਬਨ 150 ਲੋਕ ਇਸ ਪਰਿਵਾਰ ਦੀ ਦੋ ਏਕੜ ਜ਼ਮੀਨ ਦੀ ਕੁਰਕੀ ਲਈ ਚੜ੍ਹ ਆਏ ਸਨ।

ਬਲਵਿੰਦਰ ਸਿੰਘ ਨੇ ਦੱਸਿਆ, "ਪਿੰਡ ਜੋਧਪੁਰ ਵਿਚ 450 ਕੁ ਘਰ ਹਨ, ਇਨ੍ਹਾਂ ਵਿਚੋਂ ਸਿਰਫ਼ 15-20 ਹੀ ਕਰਜ਼ੇ ਦੀ ਮਾਰ ਤੋਂ ਬਚੇ ਹੋਏ ਹਨ।" ਕਰਜ਼ੇ ਕਾਰਨ ਕਿਸਾਨਾਂ ਦੀ ਜ਼ਮੀਨ ਆੜ੍ਹਤੀਆਂ ਕੋਲ ਜਾ ਰਹੀ ਹੈ।

ਦਰਸ਼ਨ ਸਿੰਘ ਸੰਘੇੜਾ ਆਖਦਾ ਹੈ, "ਆੜ੍ਹਤੀਆਂ ਅਤੇ ਕਿਸਾਨਾਂ ਵਿਚਕਾਰ ਰਿਸ਼ਤੇ ਇੰਨੇ ਵੀ ਮਾੜੇ ਨਹੀਂ। ਨਾਲੇ ਕਿਸਾਨੀ ਅੰਦਰ ਕੋਈ ਸੰਕਟ ਹੈ ਵੀ ਨਹੀਂ। ਮੇਰੇ ਵੱਲ ਹੀ ਦੇਖੋ, ਮੇਰੇ ਕੋਲ ਸਿਰਫ਼ ਅੱਠ ਏਕੜ ਜੱਦੀ ਜ਼ਮੀਨ ਸੀ, ਹੁਣ ਮੇਰੇ ਕੋਲ 18 ਏਕੜ ਹਨ। ਮੀਡੀਆ ਕਈ ਵਾਰ ਅਜਿਹੇ ਮਸਲਿਆਂ ਨੂੰ ਬਹੁਤ ਵਧਾ ਚੜ੍ਹਾ ਕੇ ਪੇਸ਼ ਕਰਦਾ ਹੈ। ਸਰਕਾਰ ਵੱਲੋਂ ਦਿੱਤੇ ਜਾ ਰਹੇ ਮੁਆਵਜ਼ੇ ਨਾਲ ਸਗੋਂ ਹੋਰ ਖ਼ੁਦਕੁਸ਼ੀਆਂ ਨੂੰ ਹੱਲਾਸ਼ੇਰੀ ਮਿਲ ਰਹੀ ਹੈ। ਜੇ ਇਕ ਪਰਿਵਾਰ ਨੂੰ ਮੁਆਵਜ਼ਾ ਮਿਲਦਾ ਹੈ ਤਾਂ ਦੂਜਾ ਵੀ ਝਾਕ ਰੱਖਦਾ ਹੈ। ਇਹ ਮੁਆਵਜ਼ੇ ਬਿਲਕੁਲ ਬੰਦ ਕਰ ਦਿਉ, ਖ਼ੁਦਕੁਸ਼ੀਆਂ ਆਪੇ ਰੁਕ ਜਾਣਗੀਆਂ।"

ਉਸ ਮੁਤਾਬਕ, ਅਸਲ ਖਲਨਾਇਕ ਤਾਂ ਯੂਨੀਅਨਾਂ ਹਨ ਜਿਹੜੀਆਂ ਕਿਸਾਨਾਂ ਦੇ ਹੱਕਾਂ ਦੀ ਗੱਲ ਕਰਦੀਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਘਾਤਕ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਹੈ। ਇਹ ਯੂਨੀਅਨ ਬਰਨਾਲਾ ਖੇਤਰ ਵਿਚ ਵਾਹਵਾ ਮਜ਼ਬੂਤ ਹੈ ਅਤੇ ਇਸ ਨੂੰ ਡੱਕਣਾ ਮੁਸ਼ਕਿਲ ਹੈ। ਇਸ ਯੂਨੀਅਨ ਦੇ ਮੈਂਬਰ ਕੁਰਕੀ ਅਤੇ ਕਬਜ਼ੇ ਰੋਕਣ ਲਈ ਵੱਡੀ ਗਿਣਤੀ ਵਿਚ ਇਕੱਠੇ ਹੋ ਜਾਂਦੇ ਹਨ; ਉਸ ਵਕਤ ਵੀ ਜਦੋਂ ਆੜ੍ਹਤੀਏ ਆਪਣੇ ਬੰਦੂਕਚੀਆਂ ਨਾਲ ਦਨਦਨਾਉਂਦੇ ਚੜ੍ਹੇ ਆਉਂਦੇ ਹਨ।

ਸੰਘੇੜਾ ਮੰਨਦਾ ਹੈ, "ਹਾਂ, ਬਹੁਤੇ ਆੜ੍ਹਤੀਆਂ ਕੋਲ ਹਥਿਆਰ ਹਨ ਪਰ ਇਹ ਸਿਰਫ਼ ਸਵੈ-ਰੱਖਿਆ ਲਈ ਹਨ। ਜਦੋਂ ਮਸਲਾ ਵੱਡੀਆਂ ਰਕਮਾਂ ਦਾ ਹੋਵੇ ਤਾਂ ਤੁਹਾਨੂੰ ਸੁਰੱਖਿਆ ਤਾਂ ਚਾਹੀਦੀ ਹੀ ਹੈ, ਨਹੀਂ? ਯਾਦ ਰੱਖੋ, 99 ਫ਼ੀਸਦ ਕਿਸਾਨ ਚੰਗੇ ਹਨ।" ਜ਼ਾਹਰ ਹੈ ਕਿ ਬਾਕੀ ਇਕ ਫ਼ੀਸਦ ਕਿਸਾਨ ਮੁਸੀਬਤਾਂ ਖੜ੍ਹੀਆਂ ਵਾਲੇ ਹਨ, ਜਿਸ ਕਰਕੇ ਹਰ ਵਕਤ ਹਥਿਆਰਾਂ ਰਾਹੀਂ ਸੁਰੱਖਿਆ ਦੀ ਲੋੜ ਪੈਂਦੀ ਹੈ। ਉਸ ਕੋਲ ਵੀ ਹਥਿਆਰ ਹਨ। ਉਹ ਸਫਾਈ ਦਿੰਦਾ ਹੈ, "ਪੰਜਾਬ ਵਿਚ ਅਤਿਵਾਦ ਦੇ ਦਿਨਾਂ ਦੌਰਾਨ ਵੀ ਤਾਂ ਹਥਿਆਰ ਲੋੜ ਬਣ ਗਏ ਸਨ।"

ਇਸੇ ਦੌਰਾਨ ਕਰਜ਼ੇ ਕਾਰਨ ਖ਼ੁਦਕੁਸ਼ੀਆਂ ਵਧ ਰਹੀਆਂ ਹਨ। ਪਿਛਲੇ ਸਾਲ ਵਿਧਾਨ ਸਭਾ ਦੀ ਕਮੇਟੀ ਅੱਗੇ ਖੇਤੀ ਖ਼ੁਦਕੁਸ਼ੀਆਂ ਬਾਰੇ ਪੇਸ਼ ਰਿਪੋਰਟ ਦੱਸਦੀ ਹੈ ਕਿ ਸਾਲ 2000 ਅਤੇ 2015 ਵਿਚਕਾਰ 8294 ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ ਹੈ। 'ਪੰਜਾਬ ਵਿਚ ਕਿਸਾਨ ਤੇ ਮਜ਼ਦੂਰ ਖ਼ੁਦਕੁਸ਼ੀਆਂ' ਦੇ ਸਿਰਲੇਖ ਹੇਠ ਜਾਰੀ ਇਸ ਰਿਪੋਰਟ ਮੁਤਾਬਿਕ, ਇਸ ਸਮੇਂ ਦੌਰਾਨ 6373 ਖੇਤ ਮਜ਼ਦੂਰਾਂ ਨੇ ਵੀ ਖ਼ੁਦਕੁਸ਼ੀ ਕੀਤੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਤਿਆਰ ਇਸ ਰਿਪੋਰਟ ਦੇ ਇਹ ਅੰਕੜੇ ਸੂਬੇ ਦੇ ਕੁੱਲ 22 ਵਿਚੋਂ ਸਿਰਫ਼ 6 ਜ਼ਿਲ੍ਹਿਆਂ ਦੇ ਹਨ। ਸੂਬਾ ਸਰਕਾਰ ਦੇ ਮਾਲ ਵਿਭਾਗ ਵੱਲੋਂ ਕਰਵਾਏ ਇਸ ਅਧਿਐਨ ਵਿੱਚ ਪਤਾ ਲੱਗਿਆ ਹੈ ਕਿ ਖ਼ੁਦਕੁਸ਼ੀਆਂ ਵਿੱਚੋਂ 83 ਫ਼ੀਸਦ ਦਾ ਸਬੰਧ ਕਰਜ਼ੇ ਨਾਲ ਹੈ।

A man sitting on a bed in an orange turban
PHOTO • P. Sainath

ਆੜ੍ਹਤੀਆ ਅਤੇ ਸਾਬਕਾ ਪੁਲੀਸ ਮੁਲਾਜ਼ਮ ਤੇਜਾ ਸਿੰਘ, ਉਸ ਦੀ ਦਲੀਲ ਹੈ ਕਿ ਅੱਧੀਆਂ ਖੁਦਕੁਸ਼ੀਆਂ ਪ੍ਰਮਾਣਿਕ ਨਹੀਂ ਹਨ।

ਇਕ ਹੋਰ ਆੜ੍ਹਤੀਏ ਤੇਜਾ ਸਿੰਘ ਦਾ ਦਾਅਵਾ ਹੈ, "ਬੇਵਸੀ ਕਰਕੇ ਕੋਈ ਖ਼ੁਦਕੁਸ਼ੀ ਨਹੀਂ ਕਰ ਰਿਹਾ। ਪਿਛਲੇ 10 ਵਰ੍ਹਿਆਂ ਤੋਂ ਖੇਤੀ ਚੰਗੀ ਹੋ ਰਹੀ ਹੈ। ਆੜ੍ਹਤੀਆਂ ਨੇ ਤਾਂ ਸਗੋਂ ਵਿਆਜ ਦਰਾਂ ਘਟਾਈਆਂ ਹਨ।" ਉਸ ਮੁਤਾਬਿਕ, ਵਿਆਜ ਦਰ ਇੱਕ ਫ਼ੀਸਦ ਪ੍ਰਤੀ ਮਹੀਨਾ (12 ਫ਼ੀਸਦ ਸਾਲਾਨਾ) ਹੈ। ਉਂਜ, ਵੱਖ ਵੱਖ ਪਿੰਡਾਂ ਦੇ ਜਿੰਨੇ ਵੀ ਕਿਸਾਨਾਂ ਨਾਲ ਇਸ ਬਾਬਤ ਗੱਲ ਹੋਈ, ਉਨ੍ਹਾਂ ਦਾ ਕਹਿਣਾ ਸੀ ਕਿ ਵਿਆਜ ਦਰ ਡੇਢ ਫ਼ੀਸਦ ਪ੍ਰਤੀ ਮਹੀਨਾ (18 ਫ਼ੀਸਦ ਸਾਲਾਨਾ) ਜਾਂ ਇਸ ਤੋਂ ਵੀ ਕਿਤੇ ਵੱਧ ਹੈ। ਤੇਜਾ ਸਿੰਘ ਉਹੀ ਆੜ੍ਹਤੀਆ ਹੈ ਜਿਸ ਦਾ ਸਬੰਧ ਜੋਧਪੁਰ ਵਿਚ ਮਾਂ-ਪੁੱਤ ਦੀ ਖ਼ੁਦਕੁਸ਼ੀ ਨਾਲ ਜੁੜਿਆ ਹੋਇਆ ਹੈ। ਉਹ ਟਿੱਚਰ ਜਿਹੀ ਕਰਦਾ ਹੈ, "ਇਨ੍ਹਾਂ ਵਿੱਚੋਂ ਸਿਰਫ਼ 50 ਫ਼ੀਸਦ ਖ਼ੁਦਕੁਸ਼ੀਆਂ ਹੀ ਸੱਚੀਆਂ ਹਨ।"

ਉਂਜ, ਆੜ੍ਹਤੀਆਂ ਦੀ ਸਿਆਸਤ ਬਾਰੇ ਉਹ ਸਾਫ਼ਗੋਈ ਨਾਲ ਬੋਲਦਾ ਹੈ। ਇਨ੍ਹਾਂ ਦੇ ਵੱਖ ਵੱਖ ਧੜੇ ਵੀ ਹਨ। "ਜਿਹੜੀ ਵੀ ਪਾਰਟੀ ਸੱਤਾ ਵਿੱਚ ਆਉਂਦੀ ਹੈ, ਉਸ ਨਾਲ ਜੁੜਿਆ ਬੰਦਾ ਸਾਡੀ ਐਸੋਸੀਏਸ਼ਨ ਦਾ ਪ੍ਰਧਾਨ ਬਣ ਜਾਂਦਾ ਹੈ।" ਮੌਜੂਦਾ ਸੂਬਾ ਪ੍ਰਧਾਨ ਕਾਂਗਰਸ ਨਾਲ ਹੈ। ਚੋਣਾਂ ਤੋਂ ਪਹਿਲਾਂ ਪ੍ਰਧਾਨ ਅਕਾਲੀ ਸੀ। ਤੇਜਾ ਸਿੰਘ ਦੇ ਪੁੱਤਰ ਜਸਪ੍ਰੀਤ ਸਿੰਘ ਨੂੰ ਲੱਗਦਾ ਹੈ ਕਿ ਆੜ੍ਹਤੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਹ ਆਖਦਾ ਹੈ, "ਇਹ ਤਾਂ ਸਾਡਾ ਕਿੱਤਾ ਹੈ। ਸਾਨੂੰ ਬੇਵਜ੍ਹਾ ਬਦਨਾਮ ਕੀਤਾ ਗਿਆ ਹੈ। ਸਾਡੇ ਕੇਸ (ਜੋਧਪੁਰ) ਤੋਂ ਬਾਅਦ ਤਕਰੀਬਨ 50 ਆੜ੍ਹਤੀਏ ਇਹ ਕਾਰੋਬਾਰ ਛੱਡ ਗਏ ਹਨ।"

ਫਿਰ ਵੀ, ਜਸਪ੍ਰੀਤ ਮੀਡੀਆ ਤੋਂ ਪੂਰਾ ਖ਼ੁਸ਼ ਹੈ। ਉਹ ਆਖਦਾ ਹੈ, "ਮੁਕਾਮੀ ਪ੍ਰੈੱਸ ਦਾ ਵਿਹਾਰ ਸਾਡੇ ਨਾਲ ਬਹੁਤ ਵਧੀਆ ਹੈ। ਸਾਡਾ ਮੀਡੀਆ ਵਿਚ ਪੂਰਾ ਭਰੋਸਾ ਹੈ। ਇਨ੍ਹਾਂ ਦਾ ਦੇਣ, ਦੇਣ ਜੋਗੇ ਅਸੀਂ ਕਿੱਥੇ ਹਾਂ। ਨਹੀਂ ਨਹੀਂ, ਆਪਣੇ ਹੱਕ ਵਿਚ ਖ਼ਬਰਾਂ ਲਗਵਾਉਣ ਲਈ ਅਸੀਂ ਇਨ੍ਹਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਹੈ। ਹਿੰਦੀ ਪ੍ਰੈੱਸ ਸਾਡੇ ਬਚਾਓ ਲਈ ਅੱਗੇ ਆਈ ਹੈ (ਜਦੋਂ ਪਿੰਡ ਜੋਧਪੁਰ ਵਾਲੀ ਘਟਨਾ ਤੋਂ ਬਾਅਦ ਸਾਡੇ ਖ਼ਿਲਾਫ਼ ਫ਼ੌਜਦਾਰੀ ਕੇਸ ਦਰਜ ਕੀਤੇ ਗਏ ਸਨ)। ਸਾਨੂੰ ਹਾਈਕੋਰਟ ਤੋਂ ਤੁਰੰਤ ਜ਼ਮਾਨਤ ਮਿਲ ਗਈ, ਆਮ ਹਾਲਾਤ ਵਿਚ ਇੰਨੀ ਛੇਤੀ ਸੰਭਵ ਨਹੀਂ ਸੀ।" ਉਹ ਮਹਿਸੂਸ ਕਰਦਾ ਹੈ ਕਿ ਹਿੰਦੀ ਅਖ਼ਬਾਰਾਂ ਉਨ੍ਹਾਂ ਦੀ ਵੱਧ ਹਮਾਇਤ ਕਰਦੀਆਂ ਹਨ, ਕਿਉਂਕਿ ਇਹ ਵਪਾਰੀ ਭਾਈਚਾਰੇ ਦਾ ਸਮਰਥਨ ਕਰਦੀਆਂ ਹਨ। ਉਹ ਅਫ਼ਸੋਸ ਜ਼ਾਹਿਰ ਕਰਦਾ ਹੈ ਕਿ ਪੰਜਾਬੀ ਪ੍ਰੈੱਸ ਜ਼ਮੀਨਾਂ ਵਾਲਿਆਂ (ਕਿਸਾਨਾਂ) ਦੇ ਹੱਕ ਵਿਚ ਭੁਗਤਦੀ ਹੈ।

ਸੂਬਾ ਸਰਕਾਰ ਵੱਲੋਂ ਅਕੂਤਬਰ 2017 ਵਿਚ ਕੀਤੀ ਕਰਜ਼ਾ ਮੁਆਫ਼ੀ ਬਹੁਤ ਸੀਮਤ, ਪੜਾਅਵਾਰ ਅਤੇ ਬਾਸ਼ਰਤ ਸੀ। ਇਹ ਸਹਿਕਾਰੀ ਬੈਂਕਾਂ ਅਤੇ ਸਰਕਾਰੀ ਜਾਂ ਪ੍ਰਾਈਵੇਟ ਖੇਤਰ ਦੇ ਬੈਂਕਾਂ ਨਾਲ ਸਬੰਧਤ ਸੀ। ਇਹ ਬਹੁਤ ਸੀਮਤ ਜਿਹੇ ਢੰਗ ਨਾਲ ਲਾਗੂ ਕੀਤੀ ਗਈ। ਕਾਂਗਰਸ ਨੇ ਆਪਣੇ 2017 ਵਾਲੇ ਚੋਣ ਮੈਨੀਫ਼ੈਸਟੋ ਵਿਚ "ਕਿਸਾਨਾਂ ਦੇ ਮੁਕੰਮਲ ਖੇਤੀ ਕਰਜ਼ੇ ਮੁਆਫ਼" ਕਰਨ ਦਾ ਵਾਅਦਾ ਕੀਤਾ ਸੀ ਅਤੇ ਕਿਹਾ ਸੀ ਕਿ ਇਸ ਨੂੰ "ਵਧੇਰੇ ਵਿਆਪਕ ਅਤੇ ਅਸਰਦਾਰ" ਬਣਾਉਣ ਲਈ 'ਪੰਜਾਬ ਖੇਤੀ ਕਰਜ਼ਾ ਨਬੇੜਾ ਐਕਟ-2016' ਵਿਚ ਤਬਦੀਲੀ ਕੀਤੀ ਜਾਵੇਗੀ। ਹੁਣ ਤਕ ਸਰਕਾਰ ਨੇ ਆੜ੍ਹਤੀਆਂ ਦੇ ਕਿਸਾਨਾਂ ਸਿਰ ਚੜ੍ਹੇ 17 ਹਜ਼ਾਰ ਕਰੋੜ ਰੁਪਏ ਵਿੱਚੋਂ ਇਕ ਵੀ ਪੈਸਾ ਮੁਆਫ਼ ਨਹੀਂ ਕੀਤਾ ਹੈ।

2010 ਵਿਚ ਹੋਏ ਅਧਿਐਨ ਵਿਚ ਸਿਫ਼ਾਰਿਸ਼ ਕੀਤੀ ਗਈ ਸੀ ਕਿ "ਆੜ੍ਹਤੀਆਂ ਰਾਹੀਂ ਕਿਸਾਨਾਂ ਨੂੰ ਭੁਗਤਾਨ ਵਾਲਾ ਸਿਸਟਮ" ਖ਼ਤਮ ਹੋਣਾ ਚਾਹੀਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਆਪਣੇ ਅਧਿਐਨ 'ਪੰਜਾਬ ਦੀ ਖੇਤੀ ਵਿਚ ਆੜ੍ਹਤੀਆ ਸਿਸਟਮ' ਵਿਚ ਕਿਹਾ ਸੀ ਕਿ "ਕਿਸਾਨਾਂ ਨੂੰ ਉਨ੍ਹਾਂ ਦੀ ਜਿਣਸ ਦੀ ਸਿੱਧੀ ਅਦਾਇਗੀ ਹੋਣੀ ਚਾਹੀਦੀ ਹੈ।"

ਆੜ੍ਹਤੀਆਂ ਅਤੇ ਕਿਸਾਨਾਂ ਦੀ ਇਹ ਕਹਾਣੀ ਸਮੁੱਚੇ ਮੁਲਕ ਵਿਚ ਗੂੰਜ ਰਹੀ ਹੈ। ਉਂਜ, ਪੰਜਾਬ ਦੀ ਕਹਾਣੀ ਰਤਾ ਵੱਖਰੀ ਹੈ। ਹੋਰ ਥਾਈਂ ਇਸ ਭਾਈਚਾਰੇ ਤੋਂ ਐਨ ਉਲਟ, ਪੰਜਾਬ ਵਿਚ ਦਰਸ਼ਨ ਸਿੰਘ ਸੰਘੇੜਾ, ਤੇਜਾ ਸਿੰਘ ਅਤੇ ਕਈ ਹੋਰ ਆੜ੍ਹਤੀਏ, ਬਾਣੀਆ ਜਾਂ ਅਜਿਹੀਆਂ ਕਿਸੇ ਹੋਰ ਵਪਾਰੀ ਜਾਤ ਵਿੱਚੋਂ ਨਹੀਂ। ਉਹ ਜੱਟ ਸਿੱਖ ਹਨ। ਜੱਟ ਇਸ ਵਪਾਰ ਵਿਚ ਬਾਅਦ ਵਿਚ ਆਏ। ਉਂਜ, ਹੁਣ ਇਹ ਚੰਗਾ ਕਾਰੋਬਾਰ ਚਲਾ ਰਹੇ ਹਨ। ਅੱਜ ਪੰਜਾਬ ਦੇ ਕੁਲ 47 ਹਜ਼ਾਰ ਆੜ੍ਹਤੀਆਂ ਵਿਚੋਂ 23 ਹਜ਼ਾਰ ਜੱਟ ਹਨ। ਸੰਘੇੜਾ ਆਖਦਾ ਹੈ, "ਸ਼ਹਿਰਾਂ ਵਿਚ ਸਾਡਾ ਕੋਈ ਵੱਡਾ ਗਰੁੱਪ ਨਹੀਂ ਹੈ। ਮੈਂ ਇਸ ਕਾਰੋਬਾਰ ਵਿਚ 1988 ਵਿਚ ਆਇਆ। ਇਸ ਤੋਂ 10 ਸਾਲ ਬਾਅਦ ਵੀ ਇਸ ਮੰਡੀ ਵਿਚ ਮਸਾਂ 5-7 ਜੱਟ ਹੀ ਆੜ੍ਹਤੀਏ ਸਨ। ਅੱਜ ਇੱਥੇ ਆੜ੍ਹਤੀਆਂ ਦੀਆਂ 150 ਦੁਕਾਨਾਂ ਹਨ, ਇਨ੍ਹਾਂ ਵਿਚੋਂ ਇਕ ਤਿਹਾਈ ਜੱਟ ਹਨ। ਆਲੇ-ਦੁਆਲੇ ਵਾਲੀਆਂ ਛੋਟੀਆਂ ਮੰਡੀਆਂ ਵਿਚ ਸਾਡੀ ਬਹੁਮਤ ਹੈ।"

The first two are of Guru Gobind Singh and Guru Nanak. The last two are of Guru Hargobind and Guru Tegh Bahadur. The central one in this line up of five is of Shiva and Parvati with a baby Ganesha.
PHOTO • P. Sainath

ਦਰਸ਼ਨ ਸਿੰਘ ਸੰਘੇੜਾ ਦੇ ਦਫ਼ਤਰ ਵਿੱਚ ਲੱਗੀਆਂ ਤਸਵੀਰਾਂ।

ਬਹੁਤੇ ਜੱਟਾਂ ਨੇ ਬਾਣੀਏ ਆੜ੍ਹਤੀਆਂ ਦੇ ਜੂਨੀਅਰ ਸਹਾਇਕਾਂ ਵਜੋਂ ਸ਼ੁਰੂਆਤ ਕੀਤੀ। ਫਿਰ ਆਪਣਾ ਕਾਰੋਬਾਰ ਖੜ੍ਹਾ ਕਰ ਲਿਆ। ਪਰ ਬਾਣੀਆਂ ਨੇ ਜੱਟਾਂ ਨੂੰ ਆਪਣੇ ਭਾਈਵਾਲ ਆਖ਼ਿਰ ਕਿਉਂ ਬਣਾਇਆ? ਜਦੋਂ ਮਸਲਾ ਪੈਸੇ ਦੀ ਵਸੂਲੀ ਦਾ ਆਉਂਦਾ ਤਾਂ ਕਿਸਾਨਾਂ ਦੇ ਅੱਖੜ ਵਿਹਾਰ ਦਾ ਸਾਹਮਣਾ ਕਰਨਾ ਪੈਂਦਾ। ਸੰਘੇੜਾ ਦੱਸਦਾ ਹੈ, "ਬਾਣੀਏ ਆੜ੍ਹਤੀਏ ਅਕਸਰ ਡਰ ਜਾਂਦੇ ਸਨ।" ਜੱਟ ਆੜ੍ਹਤੀਏ ਛੇਤੀ ਭੱਜਣ ਵਾਲੇ ਨਹੀਂ ਹਨ। ਉਹ ਬੜੇ ਸਹਿਜ ਨਾਲ ਆਖਦਾ ਹੈ, "ਅਸੀਂ ਪੈਸੇ ਕਢਵਾ ਲੈਂਦੇ ਹਾਂ।"

ਮੈਂ ਇਹ ਕਹਾਣੀ ਮੁਕਤਸਰ ਜ਼ਿਲ੍ਹੇ ਵਿਚ ਕੁਝ ਜੱਟ ਕਿਸਾਨਾਂ ਨੂੰ ਸੁਣਾਈ ਤਾਂ ਉਹ ਅਸੁਖਾਵਾਂ ਜਿਹਾ ਹਾਸਾ ਹੱਸੇ। ਉਨ੍ਹਾਂ ਵਿਚੋਂ ਕੁੱਝ ਇਕ ਨੇ ਕਿਹਾ, "ਉਸ ਬੰਦੇ ਨੇ ਤੁਹਾਨੂੰ ਸੱਚ ਹੀ ਦੱਸਿਆ ਹੈ। ਜੱਟ ਮੁਸੀਬਤ ਵੇਲੇ ਪਿੱਛੇ ਨਹੀਂ ਹਟਦਾ, ਬਾਣੀਆ ਭੱਜ ਜਾਵੇਗਾ।" ਇਸ ਕਾਰੋਬਾਰ ਵਿਚ ਜੂਨੀਅਰ ਭਾਈਵਾਲ ਹੁਣ ਮੋਹਰੀ (ਬਿੱਗ ਬ੍ਰਦਰ) ਬਣ ਰਹੇ ਹਨ।

ਉਂਜ ਬਾਣੀਆਂ ਨਾਲ ਇਸ ਭਾਈਵਾਲੀ ਦਾ ਅਸਰ ਸ਼ਾਇਦ ਸੀਮਤ ਜਿਹੇ ਰੂਪ ਨਾਲ ਦਿਸਦਾ ਹੈ। ਸੰਘੇੜਾ ਦੇ ਦਫ਼ਤਰ ਵਿਚ ਅਸੀਂ ਉਸ ਦੇ ਪੁੱਤਰ ਓਂਕਾਰ ਸਿੰਘ ਨੂੰ ਉਨ੍ਹਾਂ ਪੰਜ ਤਸਵੀਰਾਂ ਬਾਰੇ ਪੁੱਛਿਆ ਜੋ ਕੰਧ ਉੱਤੇ ਲਟਕ ਰਹੀਆਂ ਸਨ। ਪਹਿਲੀਆਂ ਦੋ ਤਸਵੀਰਾਂ ਗੁਰੂ ਗੋਬਿੰਦ ਸਿੰਘ ਤੇ ਗੁਰੂ ਨਾਨਕ ਅਤੇ ਆਖ਼ਰੀ ਦੋ ਤਸਵੀਰਾਂ ਗੁਰੂ ਹਰਿਗੋਬਿੰਦ ਤੇ ਗੁਰੂ ਤੇਗ ਬਹਾਦਰ ਦੀਆਂ ਹਨ। ਇਨ੍ਹਾਂ ਦੇ ਵਿਚਕਾਰ ਪੰਜਵੀਂ ਤਸਵੀਰ ਸ਼ਿਵ, ਪਾਰਬਤੀ ਅਤੇ ਇਨ੍ਹਾਂ ਦੇ ਪੁੱਤਰ ਗਣੇਸ਼ ਦੀ ਹੈ। ਇਹ ਕਿਵੇਂ?

ਓਂਕਾਰ ਸਿੰਘ ਕਹਿੰਦਾ ਹੈ, "ਅਸੀਂ ਇਸ ਕਿੱਤੇ ਵਿਚ ਆਏ ਹਾਂ ਤਾਂ ਸਾਨੂੰ ਇਸ ਦੇ ਤੌਰ-ਤਰੀਕੇ ਵੀ ਅਪਨਾਉਣੇ ਪੈਣਗੇ।"

ਪੰਜਾਬੀ ਤਰਜਮਾ: ਜਸਵੀਰ ਸਮਰ

P. Sainath is Founder Editor, People's Archive of Rural India. He has been a rural reporter for decades and is the author of 'Everybody Loves a Good Drought' and 'The Last Heroes: Foot Soldiers of Indian Freedom'.

Other stories by P. Sainath
Translator : Jasvir Samar

Jasvir Samar is working as Chief Sub-Editor in ‘Punjabi Tribune’ (Chandigarh) which is published by The Tribune Trust. (It also publishes The Tribune & Dainik Tribune). He is a keen student of literature & politics and contribute regularly.

Other stories by Jasvir Samar